
ਨਵੀਂ ਦਿੱਲੀ 04,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਮਹੀਨੇ ਯਾਨੀ ਸਤੰਬਰ ਦੇ ਆਖਰੀ ਹਫ਼ਤੇ ਅਮਰੀਕਾ ਆਉਣ ਦੀ ਉਮੀਦ ਹੈ। ਉੱਚ ਸਰਕਾਰੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸਤੰਬਰ ਦੇ ਆਖਰੀ ਹਫਤੇ ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ਦਾ ਦੌਰਾ ਕਰ ਸਕਦੇ ਹਨ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਪਹਿਲੀ ਅਮਰੀਕਾ ਯਾਤਰਾ ਹੋਵੇਗੀ।
ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਜੇਕਰ ਹੁਣ ਤੱਕ ਹੋਈ ਚਰਚਾ ਮੁਤਾਬਕ ਸਭ ਕੁਝ ਠੀਕ ਰਿਹਾ ਤਾਂ ਪ੍ਰਧਾਨ ਮੰਤਰੀ ਮੋਦੀ 22 ਤੋਂ 27 ਸਤੰਬਰ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ‘ਚ ਇਹ ਪਹਿਲੀ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾਂ, ਇਹ ਦੋਵੇਂ ਨੇਤਾ ਵਰਚੁਅਲ ਸੰਮੇਲਨਾਂ ਵਿੱਚ ਘੱਟੋ ਘੱਟ ਤਿੰਨ ਵਾਰ ਮਿਲ ਚੁੱਕੇ ਹਨ। ਦੋਵੇਂ ਨੇਤਾ ਮਾਰਚ ਵਿੱਚ ਕਵਾਡ ਸਿਖਰ ਸੰਮੇਲਨ, ਅਪ੍ਰੈਲ ਵਿੱਚ ਜਲਵਾਯੂ ਪਰਿਵਰਤਨ ਸੰਮੇਲਨ ਅਤੇ ਇਸ ਸਾਲ ਜੂਨ ਵਿੱਚ ਜੀ -7 ਸਿਖਰ ਸੰਮੇਲਨ ਦੌਰਾਨ ਮਿਲੇ ਹਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਜੂਨ ਵਿੱਚ ਜੀ -7 ਸਿਖਰ ਸੰਮੇਲਨ ਦੌਰਾਨ ਬ੍ਰਿਟੇਨ ਦਾ ਦੌਰਾ ਕਰਨਾ ਸੀ, ਪਰ ਕੋਰੋਨਾ ਦੀ ਦੂਜੀ ਲਹਿਰ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ, ਜਿਸਦੇ ਸਿੱਟੇ ਵਜੋਂ ਬਾਇਡਨ ਅਤੇ ਮੋਦੀ ਦੀ ਮੁਲਾਕਾਤ ਨਹੀਂ ਹੋ ਸਕੀ।
ਪੀਐਮ ਮੋਦੀ ਦੀ ਇਹ ਯਾਤਰਾ ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਮੱਦੇਨਜ਼ਰ ਮਹੱਤਵਪੂਰਨ ਹੋਵੇਗੀ। ਜੋਅ ਬਾਇਡਨ ਨਾਲ ਮੁਲਾਕਾਤ ਤੋਂ ਇਲਾਵਾ ਪੀਐਮ ਮੋਦੀ ਅਮਰੀਕੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮਹੱਤਵਪੂਰਨ ਮੀਟਿੰਗਾਂ ਵੀ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਸੰਕਟ ਅਤੇ ਚੀਨ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੀ ਅਮਰੀਕਾ ਯਾਤਰਾ ਦੌਰਾਨ ਏਜੰਡੇ ‘ਤੇ ਰਹੇਗਾ। ਇਸ ਦੌਰੇ ‘ਤੇ ਦੋਵਾਂ ਧਿਰਾਂ ਵੱਲੋਂ ਚੀਨ ਨਾਲ ਗੱਲਬਾਤ ਕਰਨ ਦੀ ਵੀ ਉਮੀਦ ਹੈ। ਵਾਸ਼ਿੰਗਟਨ ਡੀਸੀ ਵਿੱਚ ਕਵਾਡ ਲੀਡਰਸ ਸੰਮੇਲਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਦੀ ਯਾਤਰਾ ਉਸੇ ਸਮੇਂ ਹੋ ਰਹੀ ਹੈ।
