21,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਹਰਿਆਣਾ ‘ਚ ਹੁਣ 1 ਅਪ੍ਰੈਲ ਤੋਂ 10 ਸਾਲ ਤੋਂ ਪੁਰਾਣੇ ਡੀਜ਼ਲ ਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ‘ਤੇ ਪਾਬੰਦੀ ਸਖ਼ਤੀ ਨਾਲ ਲਾਗੂ ਹੋਵੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਇਹ ਪਾਬੰਦੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਮੁਤਾਬਕ ਲਗਾਈ ਗਈ ਹੈ।
ਇਸ ਬਾਰੇ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਗੁੜਗਾਓਂ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਸ਼੍ਰੇਣੀ ਵਿੱਚ ਆਉਣ ਵਾਲੇ ਆਟੋ ਚਾਲਕਾਂ ਨੂੰ ਆਪਣੇ ਆਟੋ ਬਦਲਣ ਲਈ ਕਾਫੀ ਸਮਾਂ ਦਿੱਤਾ ਜਾਵੇਗਾ।
ਇਸ ਲਈ ਉਨ੍ਹਾਂ ਨੇ ਗੁੜਗਾਓਂ ਵਿੱਚ ਆਟੋ ਡਰਾਈਵਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ 10 ਮਾਰਚ ਨੂੰ ਇੱਕ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਆਟੋ ਡਰਾਈਵਰ ਆਪਣਾ ਪੁਰਾਣਾ ਆਟੋ ਦੇ ਕੇ ਨਵੇਂ ਈ-ਆਟੋ ਲਈ ਅਪਲਾਈ ਕਰ ਸਕਣਗੇ।
ਕਿੱਥੇ ਰਹੇਗੀ ਇਨ੍ਹਾਂ ਵਾਹਨਾਂ ‘ਤੇ ਪਾਬੰਦੀ?
ਦੱਸ ਦਈਏ ਕਿ ਇਨ੍ਹਾਂ ਵਾਹਨਾਂ ‘ਤੇ ਪਾਬੰਦੀ ਲਗਾਉਣ ਲਈ ਹਰਿਆਣਾ ਸਰਕਾਰ ਪਿਛਲੇ ਸਮੇਂ ਵਿਚ ਵੀ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ। ਜਦੋਂ ਕਿ ਸੂਬੇ ਦੇ 14 ਜ਼ਿਲ੍ਹਿਆਂ ਰੋਹਤਕ, ਸੋਨੀਪਤ, ਰੇਵਾੜੀ, ਮਹਿੰਦਰਗੜ੍ਹ, ਜੀਂਦ, ਝੱਜਰ, ਪਾਣੀਪਤ, ਪਲਵਲ, ਭਿਵਾਨੀ, ਦਾਦਰੀ, ਫਰੀਦਾਬਾਦ, ਗੁਰੂਗ੍ਰਾਮ, ਨੂਹ, ਜੀਂਦ ਤੇ ਕਰਨਾਲ ਵਿੱਚ ਇਨ੍ਹਾਂ ਵਾਹਨਾਂ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਇਸ ਸਬੰਧੀ ਐਨਜੀਟੀ ਅਤੇ ਸੁਪਰੀਮ ਕੋਰਟ ਪਹਿਲਾਂ ਵੀ ਕਈ ਵਾਰ ਹੁਕਮ ਦੇ ਚੁੱਕੀ ਹੈ।