ਨਵੀਂ ਦਿੱਲੀ 24 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਇਨ੍ਹੀਂ ਦਿਨੀਂ ਪਿਆਜ਼ ਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਮੌਸਮ ਦੀ ਮਾਰ ਦੇ ਚੱਲਦਿਆਂ ਫਸਲਾਂ ਦੀ ਬਰਬਾਦੀ ਕਾਰਨ ਪਿਆਜ਼ ਮਹਿੰਗਾ ਹੋਇਆ ਹੈ। ਆਉਣ ਵਾਲੇ ਕੁਝ ਸਮੇਂ ਤਕ ਪਿਆਜ਼ ਦੀ ਮਹਿੰਗੀ ਕੀਮਤ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ। ਨਰਾਤਿਆਂ ਦੇ ਦਿਨਾਂ ‘ਚ ਲੋਕ ਪਿਆਜ਼ ਦਾ ਸੇਵਨ ਘੱਟ ਕਰਦੇ ਹਨ ਜਿਸ ਕਾਰਨ ਬਜ਼ਾਰ ‘ਚ ਪਿਆਜ਼ ਦੀ ਮੰਗ ਘੱਟ ਰਹਿੰਦੀ ਹੈ। ਪਰ ਘੱਟ ਮੰਗ ਦੇ ਬਾਵਜੂਦ ਪਿਆਜ਼ ਦੀਆਂ ਕੀਮਤਾਂ ‘ਚ ਕੋਈ ਫਰਕ ਨਹੀਂ।
ਸਪਲਾਈ ਘੱਟ ਹੋਣ ਕਾਰਨ ਵੀ ਕੀਮਤਾਂ ‘ਚ ਗਿਰਾਵਟ ਫਿਲਹਾਲ ਨਹੀਂ ਆਏਗੀ। ਆਉਣ ਵਾਲੇ ਦੋ ਮਹੀਨਿਆਂ ਤਕ ਕੀਮਤਾਂ ‘ਚ ਰਾਹਤ ਨਹੀਂ ਮਿਲੇਗੀ ਜਦੋਂ ਤਕ ਨਾਸਕ ਤੋਂ ਕੋਈ ਫਸਲ ਨਹੀਂ ਆਉਂਦੀ। ਦਿੱਲੀ ਦੇ ਆਜ਼ਾਦਪੁਰ ਬਜ਼ਾਰ ‘ਚ ਪਿਆਜ਼ ਦੀ ਕੀਮਤ 40 ਤੋਂ 60 ਰੁਪਏ ਕਿੱਲੋ ਹੈ। ਪੰਜਾਬ ‘ਚ ਵੀ ਪਿਆਜ਼ 60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪਿਆਜ਼ ਦੇ ਵਪਾਰੀ ਮੰਨਦੇ ਹਨ ਕਿ ਮੌਸਮ ਦੀ ਵਜ੍ਹਾ ਕਾਰਨ ਪਿਆਜ਼ ਦੀ ਫਸਲ ਖਰਾਬ ਹੋਈ ਹੈ। ਨਵੰਬਰ ‘ਚ ਰਾਹਤ ਮਿਲਣ ਦੀ ਉਮੀਦ ਸੀ ਪਰ ਬਾਰਸ਼ ਹੋਰ ਜ਼ਿਆਦਾ ਹੋਣ ਨਾਲ ਨਵੀਂ ਫਸਲ ਨਹੀਂ ਆਈ ਤੇ ਹੁਣ ਦੋ-ਤਿੰਨ ਮਹੀਨੇ ਭਾਅ ਏਸੇ ਤਰ੍ਹਾਂ ਰਹੇਗਾ। ਯਾਨੀ ਕਿ ਤਿਉਹਾਰਾਂ ਦੇ ਸੀਜ਼ਨ ‘ਚ ਵੀ ਇਸ ਮਹਿੰਗਾਈ ਦਾ ਆਲਮ ਜਾਰੀ ਰਹੇਗਾ।