School Reopening Updates 02,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਆਈ ਗਿਰਾਵਟ ਕਾਰਨ ਬਹੁਤ ਸਾਰੇ ਰਾਜਾਂ ਨੇ ਪਾਬੰਦੀਆਂ ਨਰਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵਿੱਚ ਮੁੱਖ ਪ੍ਰਸ਼ਨ ਇਹ ਹੈ ਕਿ ਸਕੂਲ ਦੁਬਾਰਾ ਕਦੋਂ ਖੁੱਲ੍ਹਣਗੇ? ਸਾਰੇ ਸਕੂਲ ਮਹਾਂਮਾਰੀ ਦੇ ਕਾਰਨ ਪਿਛਲੇ ਸਾਲ ਦੇ ਅੱਧ ਮਾਰਚ ਤੋਂ ਬੰਦ ਹਨ।
ਦੇਸ਼ ਭਰ ਦੇ ਬਹੁਤ ਸਾਰੇ ਸਕੂਲਾਂ ਨੇ ਔਨਲਾਈਨ ਸਿੱਖਿਆ ਨੂੰ ਅਧਿਐਨ ਦੇ ਢੰਗ ਵਜੋਂ ਅਪਣਾਇਆ ਹੈ, ਜਿਸ ਨਾਲ ਸਿੱਖਿਆ ਦੇ ਖੇਤਰ ਵਿੱਚ ਵੀ ਭਾਰੀ ਤਬਦੀਲੀ ਆਈ ਹੈ ਤੇ ਉਹ ਹਾਈਟੈੱਕ ਹੋ ਚੱਲੀ ਹੈ। ਇਸ ਔਨਲਾਈਨ ਸਿਸਟਮ ਦਾ ਕਿੰਨਾ ਕੁ ਫ਼ਾਇਦਾ ਵਿਦਿਆਰਥੀਆਂ ਨੂੰ ਹੋ ਰਿਹਾ ਹੈ, ਇਸ ਦੇ ਵਿਸ਼ਲੇਸ਼ਣ ਤੇ ਨਤੀਜੇ ਰਤਾ ਠਹਿਰ ਕੇ ਸਾਹਮਣੇ ਆਉਣਗੇ।
ਦੱਸ ਦੇਈਏ ਕਿ ਸਕੂਲ ਨੂੰ ਔਫ਼ਲਾਈਨ ਮੋਡ ਵਿੱਚ ਦੁਬਾਰਾ ਖੋਲ੍ਹਣਾ ਲਾਜ਼ਮੀ ਨਹੀਂ। ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਰਾਜਾਂ ਦੁਆਰਾ ਆਪਣੀ ਮਰਜ਼ੀ ਨਾਲ ਲਿਆ ਜਾਣਾ ਹੈ। ਇੱਥੇ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਕਿਹੜੇ ਰਾਜਾਂ ਨੇ 1 ਜੁਲਾਈ ਤੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਹੈ ਤੇ ਸਕੂਲ ਖੋਲ੍ਹਣ ਬਾਰੇ ਦੂਜੇ ਰਾਜਾਂ ਦੇ ਕੀ ਫੈਸਲੇ ਹਨ।
ਪੰਜਾਬ
ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਹੈ ਪਰ ਸਰਕਾਰ ਨੇ ਅਜੇ ਬੱਚਿਆਂ ਲਈ ਸਕੂਲ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਕੀਤਾ। ਉਂਝ ਪੰਜਾਬ ਵਿੱਚ ਸਕੂਲ ਖੁੱਲ੍ਹ ਗਏ ਹਨ ਪਰ ਸਿਰਫ ਅਧਿਆਪਕ ਹੀ ਸਕੂਲ ਆ ਰਹੇ ਹਨ। ਬੱਚਿਆਂ ਦੀਆਂ ਕਲਾਸਾਂ ਔਨਲਾਈਨ ਜਾਰੀ ਹਨ।
ਉੱਤਰਾਖੰਡ
ਕੋਰੋਨਾ ਦੇ ਕੇਸ ਘਟਣ ਤੋਂ ਬਾਅਦ ਉਤਰਾਖੰਡ ਸਰਕਾਰ ਨੇ 1 ਜੁਲਾਈ ਤੋਂ ਸਾਰੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸਬੰਧ ਵਿੱਚ ਹੁਕਮ 30 ਜੂਨ ਨੂੰ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਮਹਾਂਮਾਰੀ ਦੇ ਕਾਰਨ, ਫਿਲਹਾਲ ਕਲਾਸਾਂ ਸਿਰਫ ਔਨਲਾਈਨ ਹੀ ਕਰਵਾਈਆਂ ਜਾਣਗੀਆਂ।
ਉੱਤਰ ਪ੍ਰਦੇਸ਼
ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ 1 ਜੁਲਾਈ ਤੋਂ ਮੁੜ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਹਾਲਾਂਕਿ, ਵਿਦਿਆਰਥੀਆਂ ਨੂੰ ਫਿਲਹਾਲ ਸਕੂਲ ਨਹੀਂ ਆਉਣ ਦਿੱਤਾ ਜਾਵੇਗਾ। ਫਿਲਹਾਲ ਸਕੂਲ ਸਿਰਫ ਪ੍ਰਸ਼ਾਸਕੀ ਕੰਮਾਂ ਲਈ ਖੁੱਲ੍ਹਣਗੇ। ਸਕੂਲ ਪ੍ਰਬੰਧਨ ਲੋੜ ਅਨੁਸਾਰ ਆਪਣੇ ਅਧਿਆਪਕਾਂ ਤੇ ਸਟਾਫ ਨੂੰ ਅਕਾਦਮਿਕ ਤੇ ਗੈਰ-ਵਿਦਿਅਕ ਕੰਮਾਂ ਲਈ ਬੁਲਾ ਸਕਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਔਨਲਾਈਨ ਸਿੱਖਿਆ ਈ-ਪਾਠਸ਼ਾਲਾ ਰਾਹੀਂ ਜਾਰੀ ਰਹੇਗੀ। ਸਰਕਾਰ ਨੇ ਸਕੂਲਾਂ ਵਿੱਚ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ।
ਬਿਹਾਰ
ਬਿਹਾਰ ਦੇ ਸਿੱਖਿਆ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਕਿਹਾ ਕਿ 6 ਜੁਲਾਈ ਤੋਂ ਰਾਜ ਦੇ ਵਿਦਿਅਕ ਅਦਾਰੇ ਪੜਾਅਵਾਰ ਖੁੱਲ੍ਹਣਗੇ। ਇਸ ਦੇ ਲਈ ਇੱਕ ਖ਼ਾਕਾ ਤਿਆਰ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ, ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਔਫ਼ਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਨਾਲ ਸਕੂਲ ਖੋਲ੍ਹੇ ਜਾਣਗੇ। ਤੀਸਰੇ ਪੜਾਅ ਵਿੱਚ ਕਲਾਸ 1 ਤੋਂ 8 ਦੇ ਸਕੂਲ ਖੁੱਲ੍ਹਣਗੇ।
ਦਿੱਲੀ
ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸਕੂਲ ਤਿੰਨ ਪੜਾਅ ਦੀ ਕਾਰਜ ਯੋਜਨਾ ਵਿੱਚ ਦੁਬਾਰਾ ਖੁੱਲ੍ਹਣਗੇ। ਪਹਿਲੇ ਪੜਾਅ ਵਿੱਚ, ਅਧਿਆਪਕ ਅਤੇ ਵਿਦਿਆਰਥੀ (ਮਾਪਿਆਂ ਦੇ ਨਾਲ, ਜੇ ਲੋੜ ਹੋਏ ਤਾਂ ਔਨਲਾਈਨ ਜੁੜਨਗੇ। ਇਸ ਤੋਂ ਬਾਅਦ, ਦੂਜਾ ਪੜਾਅ 5 ਜੁਲਾਈ 2021 ਤੋਂ ਸ਼ੁਰੂ ਹੋਵੇਗਾ. ਇਸ ਸਮੇਂ ਦੌਰਾਨ ਅਧਿਆਪਕ ਭਾਵਨਾਤਮਕ ਤੇ ਮਾਨਸਿਕ ਸਿਹਤ ਲਈ ਸਹਾਇਤਾ ਦੇਣਾ ਵੀ ਸ਼ੁਰੂ ਕਰਨਗੇ। ਅੰਤਮ, ਤੀਜਾ ਪੜਾਅ ਅਗਸਤ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਕਲਾਸ ਰੂਮ ਅਧਾਰਤ ਗਤੀਵਿਧੀਆਂ ਅਤੇ ਨਰਸਰੀ ਤੋਂ ਅੱਠਵੀਂ ਕਲਾਸ ਦੀਆਂ ਵਰਕ ਸ਼ੀਟਾਂ ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।
ਮੱਧ ਪ੍ਰਦੇਸ਼
ਤਾਜ਼ਾ ਅਪਡੇਟ ਅਨੁਸਾਰ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ 1 ਜੁਲਾਈ ਤੋਂ ਰਾਜ ਵਿੱਚ ਸਕੂਲ ਦੁਬਾਰਾ ਨਹੀਂ ਖੁੱਲ੍ਹਣਗੇ। ਪੜ੍ਹਾਈ ਔਨਨਲਾਈਨ ਮੋਡ ਦੁਆਰਾ ਜਾਰੀ ਰਹੇਗੀ ਅਤੇ ਅੰਤਮ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।