*ਇਨ੍ਹਾਂ ਕਾਂਗਰਸੀ ਵਿਧਾਇਕਾਂ ਦੀਆਂ ਖੁਸ ਸਕਦੀਆਂ ਟਿਕਟਾਂ..!ਨਵਜੋਤ ਸਿੱਧੂ ਦੇ ਐਲਾਨ ਮਗਰੋਂ ਕਈ ਕਾਂਗਰਸੀ ਵਿਧਾਇਕਾਂ ਦੇ ਉੱਡੇ ਹੋਸ਼*

0
282

ਚੰਡੀਗੜ੍ਹ 17,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਨੇ ਮੌਜੂਦਾ ਕਾਂਗਰਸੀ ਵਿਧਾਇਕਾਂ ਦਾ ਫਿਕਰ ਵਧਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਚੋਣਾਂ ਵਿੱਚ ਇਹ ਜ਼ਰੂਰੀ ਨਹੀਂ ਕਿ ਮੌਜੂਦਾ ਵਿਧਾਇਕਾਂ ਨੂੰ ਹੀ ਪਾਰਟੀ ਵੱਲੋਂ ਟਿਕਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਜੇਤੂ ਚਿਹਰਿਆਂ ਨੂੰ ਮੈਦਾਨ ’ਚ ਉਤਾਰਿਆ ਜਾਵੇਗਾ। ਸਿੱਧੂ ਨੇ ਕਿਹਾ ਕਿ ਪਾਰਟੀ ਸਰਵੇਖਣ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਕਰੇਗੀ ਜਾਂ ਫਿਰ ਜਿੱਤ ਦੇ ਪੈਮਾਨੇ ਦੇ ਲਿਹਾਜ਼ ਨਾਲ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਅਖੀਰ ਵਿੱਚ ਉਮੀਦਵਾਰਾਂ ਦਾ ਐਲਾਨ ਕਰੇਗੀ।

ਬੇਸ਼ੱਕ ਬਹੁਤੇ ਵਿਧਾਇਕਾਂ ਨੂੰ ਟਿਕਟ ਮਿਲਣ ਦੀ ਉਮੀਦ ਹੈ ਪਰ ਕੁਝ ਲੀਡਰ ਵਿਵਾਦਾਂ ਵਿੱਚ ਰਹੇ ਹਨ। ਇਸ ਲਈ ਸਿੱਧੂ ਦੇ ਦਾਅਵੇ ਮਗਰੋਂ ਉਨ੍ਹਾਂ ਦੇ ਫਿਕਰ ਵਧ ਗਏ ਹਨ। ਇਸ ਤੋਂ ਇਲਾਵਾ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਅਜੇ ਵੀ ਸੁਲਗ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਤਣਾਅ ਵੇਲੇ ਕਈ ਵਿਧਾਇਕ ਤਿੱਖੀ ਬਿਆਨਬਾਜ਼ੀ ਕਰਦੇ ਰਹੇ ਹਨ। ਇਸ ਵੇਲੇ ਪਾਸਾ ਪਲਟ ਗਿਆ ਹੈ ਤੇ ਪੰਜਾਬ ਕਾਂਗਰਸ ਦੀ ਕਮਾਨ ਸਿੱਧੂ ਹੱਥ ਆ ਗਈ ਹੈ। ਇਸ ਲਈ ਸਿੱਧੂ ਵਿਰੁੱਧ ਬੋਲਣ ਵਾਲੇ ਵਿਧਾਇਕਾਂ ਨੂੰ ਝਟਕਾ ਲੱਗ ਸਕਦਾ ਹੈ।

ਦੱਸ ਦਈਏ ਕਿ ਸਿੱਧੂ ਨੇ ਕਰੀਬ ਪੌਣੇ ਦੋ ਮਹੀਨੇ ਮਗਰੋਂ ਮੰਗਲਵਾਰ ਨੂੰ ਆਪਣਾ ਅਹੁਦਾ ਮੁੜ ਸੰਭਾਲ ਲਿਆ ਹੈ। ਅਹੁਦਾ ਸੰਭਾਲਦਿਆਂ ਹੀ ਸਿੱਧੂ ਨੇ ਸੰਕੇਤ ਦਿੱਤੇ ਹਨ ਕਿ ਹੁਣ ਵੱਡਾ ਫੇਰਬਦਲ ਹੋਏਗਾ। ਇਹ ਵੀ ਪਤਾ ਲੱਗਾ ਹੈ ਕਿ ਇਸ ਹਫ਼ਤੇ ਕਾਂਗਰਸ ਜਥੇਬੰਦਕ ਢਾਂਚੇ ਦਾ ਐਲਾਨ ਕਰੇਗੀ ਤੇ ਜਲਦੀ ਪੰਜਾਬ ਵਿੱਚ ਵੱਡਾ ਇਕੱਠ ਕੀਤੇ ਜਾਣ ਦੀ ਵਿਉਂਤਬੰਦੀ ਹੈ|

ਉਂਝ ਸਿੱਧੂ ਨੇ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇੱਕਮੁੱਠ ਹੈ ਤੇ ਪਾਰਟੀ ਹਰ ਮਹੀਨੇ ਆਪਣੀ ਤਾਕਤ ਦਿਖਾਏਗੀ ਜਿਸ ਨੂੰ ਦੇਖ ਕੇ ਸਭ ਦੰਗ ਰਹਿ ਜਾਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸਹੀ ਵਿਕਾਸ ਲਈ ਜੋ ਖਾਕਾ ਤਿਆਰ ਕੀਤਾ ਗਿਆ ਹੈ, ਉਸ ਨੂੰ ਹਾਈਕਮਾਨ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਤਮ-ਨਿਰਭਰ ਬਣਾਉਣ ਦੀ ਲੋੜ ਹੈ ਕਿਉਂਕਿ ਇਸ ਤੋਂ ਬਿਨਾਂ ਸੂਬਾ ਵਿਕਾਸ ਨਹੀਂ ਕਰ ਸਕੇਗਾ।

LEAVE A REPLY

Please enter your comment!
Please enter your name here