*ਇਕਹਿਰੀ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ਸਖਤੀ ਨਾਲ ਰੋਕੀ ਜਾਵੇਗੀ-ਮੀਤ ਹੇਅਰ*

0
1

ਚੰਡੀਗੜ੍ਹ/ ਅੰਮ੍ਰਿਤਸਰ, 16 ਸਤੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ):
“ਕੁਦਰਤ ਨੇ ਧਰਤੀ ਉਤੇ ਪੈਦਾ ਕੀਤੇ ਸਾਰੇ ਜੀਵ-ਜੰਤੂਆਂ ਵਿਚੋਂ ਜੇਕਰ ਕਿਸੇ ਨੂੰ ਸਭ ਤੋਂ ਵੱਧ ਤਾਕਤਵਰ ਬਣਾਇਆ ਹੈ ਤਾਂ ਉਹ ਇਨਸਾਨ ਹੈ, ਪਰ ਮਾੜੀ ਗੱਲ ਇਹ ਹੈ ਕਿ ਇਨਸਾਨ ਨੇ ਹੀ ਕੁਦਰਤ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। “ ਇਹ ਗੱਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਵਿਸ਼ਵ ਓਜ਼ਨ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਬੋਲਦਿਆਂ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ।
ਮੀਤ ਹੇਅਰ ਨੇ ਕਿਹਾ ਕਿ ਓਜ਼ੋਨ ਵਰਗੇ ਕੁਦਰਤੀ ਸਰੋਤ, ਜਿਨ੍ਹਾਂ ਕਾਰਨ ਧਰਤੀ ਉਤੇ ਜੀਵਨ ਹੈ, ਨੂੰ ਪੈਦਾ ਹੁੰਦੇ ਲੱਖਾਂ ਸਾਲ ਲੱਗ ਗਏ, ਪਰ ਸਾਡੀ ਜੀਵਨ-ਸ਼ੈਲੀ ਤੇ ਉਦਯੋਗਿਕ ਕ੍ਰਾਂਤੀ ਨੇ ਇੰਨਾ ਨੂੰ ਕਰੀਬ 100 ਸਾਲ ਦੇ ਅਰਸੇ ਵਿਚ ਹੀ ਨੁਕਸਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਗੁਰੂ ਸਾਹਿਬ ਦੇ ਫਸਲਫੇ ‘ਪਵਨ ਗੁਰੂ ਪਾਣੀ ਪਿਤਾ’ ਨੂੰ ਸਮਝਣ ਅਤੇ ਉਸ ਉਤੇ ਚੱਲਣ ਦੀ ਲੋੜ ਹੈ। 
ਵਾਤਾਵਰਣ ਮੰਤਰੀ  ਨੇ ਕਿਹਾ ਕਿ ਆਕਸੀਜਨ ਦੀ ਮਹੱਤਤਾ ਸਾਨੂੰ ਕਰੋਨਾ ਵਿਚ ਸਿਫਾਰਸ਼ ਉਤੇ ਜਾਂ ਹਜ਼ਾਰਾਂ ਰੁਪਏ ਖਰਚ ਕੇ ਮਿਲਦੇ ਆਕਸੀਜਨ ਦੇ ਸਿਲੰਡਰਾਂ ਤੋਂ ਸਮਝਣੀ ਚਾਹੀਦੀ ਹੈ ਕਿ ਸਾਨੂੰ ਕੁਦਰਤ ਨੇ ਕਿੰਨੇ ਅਨਮੋਲ ਖਜ਼ਾਨੇ ਬਖਸ਼ੇ ਹਨ। 
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕਹਿਰੀ ਵਰਤੋਂ ਵਾਲੇ ਪਾਲਸਟਿਕ ਉਤੇ ਲਗਾਈ ਪਾਬੰਦੀ ਅਜੇ ਜਾਗਰੂਕਤਾ ਦੌਰ ਵਿਚੋਂ ਹੀ ਲੰਘ ਰਹੀ ਹੈ ਅਤੇ ਜੇਕਰ ਲੋਕ ਨਾ ਸਮਝੇ ਤਾਂ ਸਰਕਾਰ ਵਰਤਣ, ਬਣਾਉਣ ਤੇ ਵੇਚਣ ਵਾਲਿਆਂ ਵਿਰੁੱਧ ਹੋਰ ਸਖਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਰੁੱਖ ਲਗਾਉਣ, ਉਨ੍ਹਾਂ ਨੂੰ ਪਾਲਣ, ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ, ਪਰਾਲੀ ਨੂੰ ਨਾ ਸਾੜਨ ਵਰਗੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਰਹਿਣ ਲਈ ਇਹ ਧਰਤੀ ਤੇ ਵਾਤਵਰਣ ਬਚੇਗਾ। 
ਇਸ ਮੌਕੇ ਮੀਤ ਹੇਅਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪੁਰਾਣੇ ਫੋਕਲ ਪੁਆਇੰਟ ਵਿਚ ਢਾਈ ਏਕੜ ਰਕਬੇ ਵਿਚ ਲਗਾਏ ਜੰਗਲ ਜਿਸ ਵਿਚ 40 ਤਰ੍ਹਾਂ ਦੇ ਬੂਟੇ ਲਗਾਏ ਗਏ ਹਨ, ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਨਿੱਜੀ ਤੌਰ ਉਤੇ ਆਪਣੀ ਜ਼ਿੰਮੇਵਾਰੀ ਪਛਾਣੋ, ਸਰਕਾਰ ਪੱਧਰ ਉਤੇ ਮੈਂ ਇਸ ਕੰਮ ਵਿਚ ਕੋਈ ਕੁਤਾਹੀ ਨਹੀਂ ਹੋਣ ਦਿੰਦਾ।
  ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਵਿਚ ਵਾਤਾਵਰਣ ਸੰਭਾਲ ਲਈ ਕੀਤੇ ਗਏ ਉਪਰਾਲਿਆਂ, ਜਿਸ ਵਿਚ 40 ਹਜ਼ਾਰ ਤੋਂ ਵੱਧ ਦਰਖਤ ਲਗਾਉਣੇ,  ਈ ਵਾਹਨਾਂ ਦੀ ਸ਼ੁਰੂਆਤ,  ਕੈਂਪਸ ਵਿਚ ਗੱਡੀਆਂ ਦੇ ਦਾਖਲੇ ਉਤੇ ਰੋਕ , ਵਾਟਰ ਹਾਰਵੈਸਟਿੰਗ, ਵਰਮੀ ਕੰਪੋਸਟ ਆਦਿ ਵਰਗੇ ਕੰਮ ਸ਼ਾਮਿਲ ਹਨ, ਦਾ ਜ਼ਿਕਰ ਕਰਦੇ ਕਿਹਾ ਕਿ ਇੰਨਾ ਕੋਸ਼ਿਸ਼ਾਂ ਦੇ ਥੋੜੇ ਅਰਸੇ ਵਿਚ ਹੀ ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ। 
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ  ਪ੍ਰੋ. ਆਦਰਸ਼ ਪਾਲ ਵਿਗ ਨੇ ਵਾਤਾਵਰਣ ਨੂੰ ਬਚਾਉਣ ਲਈ ਰੁੱਖ ਲਗਾਉਣ, ਮੀਂਹ ਦੇ ਪਾਣੀ ਨੂੰ ਸੰਭਾਲਣ, ਏ ਸੀ ਤੇ ਫਰਿਜ਼ਾਂ ਵਰਗੇ ਯੰਤਰ ਜੋ ਕਿ ਕਲੋਰੋ ਫਲੋਰੋ ਕਾਰਬਨ ਪੈਦਾ ਕਰਕੇ ਓਜ਼ਨ ਨੂੰ ਖ਼ਤਰਾ ਪਹੁੰਚਾਉਦੇ ਹਨ, ਦੀ ਦੁਰਵਰਤੋਂ ਰੋਕਣ ਉਤੇ ਜ਼ੋਰ ਦਿੱਤਾ। 
ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ, ਪ੍ਰੋ ਸਰੋਜ਼ ਅਰੋੜਾ ਨੇ ਓਜ਼ਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਰਿਪੋਰਟ ਦਰਸ਼ਕਾਂ ਨਾਲ ਸਾਂਝੀ ਕੀਤੀ। ਬੋਰਡ ਦੇ ਮੈਂਬਰ ਸਕੱਤਰ ਇੰਜ ਕੁਰਨੇਸ਼ ਗਰਗ, ਇੰਜ ਜੀ ਐਸ ਮਜੀਠੀਆ ਨੇ ਵੀ ਸੰਬੋਧਨ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਸ੍ਰੀ ਜਸਬੀਰ ਸਿੰਘ ਸੰਧੂ, ਵਿਧਾਇਕ ਡਾ. ਜੀਵਨਜੋਤ ਕੌਰ, ਵਿਧਾਇਕ ਸ. ਦਲਬੀਰ ਸਿੰਘ ਟੌਂਗ, ਡੀ ਐਸ ਪੀ ਕੰਵਲਜੀਤ ਸਿੰਘ ਮੰਡ, ਡੀ ਆਰ ਸਹਿਕਾਰਤਾ ਸ. ਜੀ ਪੀ ਸਿੰਘ, ਸੈਨੇਟ ਮੈਂਬਰ ਸ੍ਰੀ ਸਤਪਾਲ ਸਿੰਘ ਸੋਖੀ, ਐਕਸੀਅਨ ਸ. ਹਰਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।——-

LEAVE A REPLY

Please enter your comment!
Please enter your name here