ਆੜ੍ਹਤੀਆ ਵਰਗ ਅਤੇ ਸੰਘਰਸ-ਸ਼ੀਲ ਜਥੇਬੰਦੀਆਂ ਮਿਲ ਕੇ ਗੈਰਕਾਨੂੰਨੀ ਕਾਰਵਾਈਆਂ ਸਬੰਧੀ ਸਾਂਝੀ ਰਣਨੀਤੀ ਤਿਆਰ ਕਰਨਗੀਆਂ -ਮਾਹਲ /ਦਾਨੇਵਾਲੀਆ

0
86

ਮਾਨਸਾ 20 ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ)ਦੇਸ਼ ਭਰ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਇੱਕ ਕਿਸਾਨ, ਵਪਾਰੀ ਅਤੇ ਮਜ਼ਦੂਰ ਏਕਤਾ ਦਾ ਪ੍ਰਤੀਕ ਬਣ ਚੁੱਕਾ ਹੈ। ਇਸ ਅੰਦੋਲਨ ਵਿੱਚ ਜਿਥੇ ਕਿਸਾਨ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਹਨ, ਉਥੇ ਇਸ ਅੰਦੋਲਨ ਦੌਰਾਨ ਪੰਜਾਬ ਦੇ ਵਪਾਰੀ ਵਰਗ ਖਾਸ ਕਰਕੇ ਆੜ੍ਹਤੀਆ ਵਰਗ ਵੱਲੋਂ ਵੀ ਇਸ ਅੰਦੋਲਨ ਵਿੱਚ ਅਗਲੀ ਭੂਮਿਕਾ ਨਿਭਾਈ ਜਾ ਰਹੀ ਹੈ। ਜਿੱਥੇ ਆੜ੍ਹਤੀਆ ਭਾਈਚਾਰਾ ਵੱੱਡੀ ਗਿਣਤੀ ਵਿੱਚ ਇਸ ਅੰਦੋਲਨ ਦੌਰਾਨ ਦਿੱਲੀ ਵਿੱਚ ਕਿਸਾਨਾਂ ਦੇ ਨਾਲ ਸੜਕਾਂ ਉਪਰ ਹੈ, ਉਥੇ ਹੀ ਆਰਥਿਕ ਤੌਰ ਤੇ ਵੀ ਇਸ ਅੰਦੋਲਨ ਦੀ ਮੱਦਦ ਆੜ੍ਹਤੀਆ ਭਾਈਚਾਰੇ ਵੱਲੋਂ ਕੀਤੀ ਜਾ ਰਹੀ ਹੈ। ਚੱਲ ਰਹੇ ਕਿਸਾਨ ਅੰਦੋਲਨ ਨੂੰ ਜਿਥੇ ਪਹਿਲਾਂ ਮੋਦੀ ਸਰਕਾਰ ਅਤੇ ਮੋਦੀ ਮੀਡੀਆ ਵੱਲੋਂ ਖਾਲਿਸਤਾਨੀ ਜਾਂ ਨਕਸਲੀ ਅੰਦੋਲਨ ਦੇ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੇਸ਼ ਦੇ ਧਰਮ ਨਿਰਪੱਖ ਲੋਕਾਂ ਨੇ ਅਜਿਹੀਆਂ ਚਾਲਾਂ ਸਫਲ ਨਹੀਂ ਹੋਣ ਦਿੱਤੀਆਂ। ਹੁਣ ਇਸ ਕਿਸਾਨ ਅੰਦੋਲਨ ਨਾਲੋਂ ਆੜ੍ਹਤੀਆ ਵਰਗ ਨੂੰ ਤੋੜਨ ਲਈ ਇੱਕ ਸਾਜਿਸ਼ ਅਧੀਨ ਇਸ ਅੰਦੋਲਨ ਵਿੱਚ ਮੋਢੇ ਨਾਲ ਮੋਢਾ ਜ਼ੋੜ ਕੇ ਸਾਥ ਦੇ ਰਹੇ ਆੜ੍ਹਤੀਆ ਵਰਗ ਤੇ ਪੰਜਾਬ ਵਿੱਚ ਕਈ ਥਾਵਾਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਉਪਰ ਇਨਕਮ ਟੈਕਸ ਵਿਭਾਗ ਨੇ ਇਸ ਤਰ੍ਹਾਂ ਪੰਜਾਬ ਦੇ ਆੜ੍ਹਤੀਆ ਵਰਗ ਨੂੰ ਪਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਜਲਦੀ ਹੀ ਇਸ ਸਬੰਧ ਵਿੱਚ ਆੜ੍ਹਤੀਆ ਵਰਗ ਨਾਲ ਮੀਟਿੰਗਾਂ ਕਰਕੇ ਪੰਜਾਬ ਦੀਆਂ ਸੰਘਰਸ਼^ਸ਼ੀਲ ਜਥੇਬੰਦੀਆਂ ਸਾਂਝੀ ਰਣਨੀਤੀ ਬਣਾ ਕੇ ਅਜਿਹੀਆਂ ਛਾਪਾਮਾਰੀ ਕਰ ਰਹੀਆਂ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦਾ ਘਿਰਾਓ ਕਰਨ ਦੀ ਯੋਜਨਾ ਉਲੀਕਣ ਲਈ ਮਜ਼ਬਰ ਹੋਣਗੀਆਂ। ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਵੀ ਇਨਕਮ ਟੈਕਸ ਵਿਭਾਗ ਵੱਲੋਂ ਆੜ੍ਹਤੀਆਂ ਤੇ ਕੀਤੀਆਂ ਜਾ ਰਹੀਆਂ ਨਜਾਇਜ਼ ਕਾਰਵਾਈਆਂ ਦੀ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਆੜ੍ਹਤੀਆ ਭਾਈਚਾਰਾ ਡਰਨ ਵਾਲਾ ਨਹੀਂ ਹੈ ਅਤੇ ਉਹ ਇਸੇ ਤਰ੍ਹਾਂ ਕਿਸਾਨ ਅੰਦੋਲਨ ਵਿੱਚ ਅੱਗੇ ਵਧ ਕੇ ਸਹਿਯੋਗ ਦਿੰਦਾ ਰਹੇਗਾ ਕਿਉਂਕਿ ਕਿਸਾਨ ਅਤੇ ਆੜ੍ਹਤੀਆਂ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ।ਉਨ੍ਹਾਂ ਕਿਹਾ ਕਿ ਮੋਦੀ ਦੀਆਂ ਅਜਿਹੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here