
ਮਾਨਸਾ, 07 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : #ਆਸਕ ਕੈਪਟਨ (#Ask Captain) ਮੁਹਿੰਮ ਤਹਿਤ ਹਰ ਹਫ਼ਤੇ ਨੋਵਲ ਕੋਰੋਨਾ ਵਾਇਰਸ ਸਬੰਧੀ ਸੂਬਾ ਵਾਸੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੇ ਫੇਸਬੁੱਕ ਪੇਜ਼ ‘ਤੇ ਸਿੱਧੇ ਪ੍ਰਸਾਰਣ ਰਾਹੀਂ ਪੰਜਾਬ ਵਾਸੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਅਤੇ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਈ ਰੱਖਣ ਲਈ ਸੂਬਾ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾਇਆ ਗਿਆ ਹੈ। ਅੱਜ ਹੋਏ ਲਾਈਵ ਸ਼ੈਸ਼ਨ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਸਨੀਕ ਸ਼੍ਰੀ ਬਿਕਰਮਜੀਤ ਸਿੰਘ ਵੱਲੋਂ ਸਵਾਲ ਕੀਤਾ ਗਿਆ ਕਿ ਦੇਸ਼ ਅੰਦਰ ਕਰੀਬ 2 ਲੱਖ ਮਰੀਜ਼ ਕੋਰੋਨਾ ਦੇ ਹੋ ਚੁੱਕੇ ਹਨ ਇਸ ਕਾਰਨ ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਕੀ-ਕੀ ਪ੍ਰਬੰਧ ਕੀਤੇ ਗਏ ਹਨ।
ਫੇਸਬੁੱਕ ‘ਤੇ ਚੱਲ ਰਹੇ ਸਿੱਧੇ ਪ੍ਰਸਾਰਣ ਦੌਰਾਨ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਸਥਿਤੀ ਕੰਟਰੋਲ ਵਿੱਚ ਹੈ ਅਤੇ ਹੁਣ ਤੱਕ ਸੂਬੇ ਅੰਦਰ 2461 ਪਾਜ਼ਿਟੀਵ ਕੇਸ ਸਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕੁੱਲ 1,13,000 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 2461 ਮਰੀਜ਼ ਕੋਰੋਨਾ ਪਾਜ਼ਿਟੀਵ ਪਾਏ ਗਏ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 2070 ਮਰੀਜ਼ ਰਿਕਵਰ ਹੋ ਚੁੱਕੇ ਹਨ।ਉਨ੍ਹਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਕੋਰੋਨਾ ਕਾਰਨ ਸੂਬੇ ਦੇ 48 ਵਿਅਕਤੀਆਂ ਦੀ ਮੌਤ ਵੀ ਹੋ ਚੁੱਕੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦਾ ਅਸਰ ਵੱਧਦਾ ਹੈ, ਤਾਂ ਸੂਬਾ ਸਰਕਾਰ ਕੋਲ ਇਸ ਸਮੇਂ 4248 ਬੈਡਜ਼ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ 2014 ਬੈਡਜ਼ ਵਾਧੂ ਤਿਆਰ ਕਰਵਾਏ ਜਾ ਰਹੇ ਹਨ, ਜਿਸ ਨਾਲ 6000 ਤੋਂ ਵੱਧ ਬੈਡਜ਼ ਦੀ ਸਮਰੱਥਾ ਹੋ ਜਾਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਵਿੱਚ ਵੀ 950 ਬੈਡਜ਼ ਦਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 52 ਸਰਕਾਰੀ ਅਤੇ 195 ਪ੍ਰਾਈਵੇਟ ਆਈਸੋਲੇਸ਼ਨ ਸੈਂਟਰਾਂ ਵੀ ਤਿਆਰ ਕੀਤੇ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਕੋਲ 554 ਵੈਂਟੀਲੇਟਰ ਮੌਜੂਦ ਹਨ ਫਿਲਹਾਲ ਦੀ ਘੜੀ ਸਿਰਫ਼ 1 ਹੀ ਮਰੀਜ਼ ਵੈਂਟੀਲੇਟਰ ‘ਤੇ ਹੈ ਪਰ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਸੂਬਾ ਸਰਕਾਰ ਨੇ ਸੂਬਾ ਵਾਸੀਆਂ ਦੀ ਸਿਹਤ ਲਈ ਸਹੀ ਮਾਤਰਾ ਵਿੱਚ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿੱਚ ਉਚਿੱਤ ਮਾਤਰਾ ਵਿੱਚ ਵੰਡਣ ਤੋਂ ਬਾਅਦ ਵੀ ਪੰਜਾਬ ਸਰਕਾਰ ਕੋਲ 4,88,000 ਐਨ 95 ਮਾਸਕ, 64 ਲੱਖ 3 ਲੇਅਰ ਮਾਸਕ ਅਤੇ 2,28,000 ਪੀ.ਪੀ.ਈ. ਕਿੱਟਸ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 2223 ਆਕਸੀਜਨ ਸਿਲੰਡਰ ਵੀ ਮੌਜੂਦ ਹਨ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਅਤੇ ਸੂਬਾ ਵਾਸੀਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਕੋਲ ਸਾਰੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਸਾਰੇ ਸਮਾਨ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ ਕਿਉਂਕਿ ਉਹ ਸਮੂਹ ਪੰਜਾਬ ਵਾਸੀਆਂ ਨੂੰ ਸਿਹਤਮੰਦ ਹੀ ਵੇਖਣਾ ਚਾਹੁੰਦੇ ਹਨ।ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਮੇਂ ਸਮੇਂ ‘ਤੇ ਜਾਰੀ ਕੀਤੀਆਂ ਜਾਂਦੀਆਂ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਆਪਾਂ ਸਾਰਿਆਂ ਨੇ ਮਿਲ ਕੇ ਕੋਰੋਨਾ ਵਾਇਰਸ ਨੂੰ ਸੂਬੇ ਅੰਦਰ ਫੈਲਣ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਘਰੋਂ ਨਿਕਲਣ ਸਮੇਂ ਮਾਸਕ ਦੀ ਵਰਤੋਂ, ਸਮਾਜਿਕ ਦੂਰੀ, ਜਨਤਕ ਥਾਵਾਂ ‘ਤੇ ਨਾ ਥੁੱਕਣਾ ਆਦਿ ਵਰਗੀਆਂ ਸਾਵਧਾਨੀਆਂ ਨਾਲ ਅਸੀਂ ਕੋਰੋਨਾ ਵਾਇਰਸ ‘ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।
