
ਚੰਡੀਗੜ੍ਹ 01, ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪਟਿਆਲਾ ਅਤੇ ਮੋਹਾਲੀ ਜ਼ਿਲਿਆਂ ਤੋਂ ਕਾਂਗਰਸ ਪਾਰਟੀ ਦੇ ਵਰਕਰ ਯੂਥ ਆਗੂ ਹਰੀਸ਼ ਸ਼ਰਮਾ (ਪ੍ਰਧਾਨ ਆਲ ਇੰਡੀਆ ਕਾਂਗਰਸ ਬ੍ਰਿਗੇਡ, ਪੰਜਾਬ) ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨਾਂ ਆਗੂਆਂ ਨੂੰ ‘ਆਪ’ ਪੰਜਾਬ ਤੇ ਚੰਡੀਗੜ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਚੰਡੀਗੜ ਮਾਮਲਿਆਂ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ ਅਤੇ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਆਲ ਇੰਡੀਆ ਕਾਂਗਰਸ ਬ੍ਰਿਗੇਡ ਦੇ ਵਰਕਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਸਮਾਜ ਦਾ ਹਰ ਵਰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ।
ਵਿਧਾਇਕ ਜਰਨੈਲ ਸਿੰਘ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਨਿਸ਼ਚਿਤ ਹੈ, ਕਿਉਂਕਿ ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਦੀ ਸੌੜੀ ਅਤੇ ਲੋਟੂ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਸੂਬੇ ਦੇ ਲੋਕ ਰਾਜਨੀਤਿਕ ਤਬਦੀਲੀ ਲਿਆਉਣਾ ਚਾਹੁੰਦੇ ਹਨ, ਜਿਸ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਨ ਦਾ ਸੰਕਲਪ ਕੀਤਾ ਹੈ।
