ਚੰਡੀਗੜ੍ਹ 23,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਵੱਡਾ ਹਮਲਾ ਕੀਤਾ ਹੈ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਚੰਨੀ ਆਮ ਆਦਮੀ ਪਾਰਟੀ ਦੇ ਸਾਰੇ ਵਾਅਦੇ ਚੋਰੀ ਕਰਦੇ ਹਨ। ਇਸ ਸਬੰਧੀ ਪਾਰਟੀ ਦੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਪੋਸਟਰ ਜਾਰੀ ਕੀਤਾ ਹੈ।ਜਿਸ ਵਿਚ ਚੰਨੀ ਦੀ ਫੋਟੋ ਨਾਲ ਲਿਖਿਆ ਹੈ ਕਿ ਇਹ ਨਕਲੀ ਕੇਜਰੀਵਾਲ ਹੈ, ਇਸ ਤੋਂ ਸਾਵਧਾਨ ਰਹੋ। ਪੰਜਾਬ ਵਿਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ।’
ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਰੋਜ਼ਾ ਪੰਜਾਬ ਦੌਰੇ ‘ਤੇ ਹਨ। ਬੀਤੇ ਕੱਲ੍ਹ ਮੋਗਾ ਵਿੱਚ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਅੰਗਮਈ ਅੰਦਾਜ਼ ‘ਚ ਕਿਹਾ ਸੀ, ‘ਮੈਂ ਪੰਜਾਬ ‘ਚ ਨਕਲੀ ਕੇਜਰੀਵਾਲ ਘੁੰਮਦਾ ਦੇਖ ਰਿਹਾ ਹਾਂ। ਮੈਂ ਜੋ ਵੀ ਵਾਅਦਾ ਕਰਕੇ ਜਾਂਦਾ ਹਾਂ, ਦੋ ਦਿਨਾਂ ਬਾਅਦ ਉਹ ਵੀ ਉਹੀ ਵਾਅਦਾ ਕਰਦਾ ਹੈ ਪਰ ਕੋਈ ਕੰਮ ਨਹੀਂ ਕਰਦਾ।”
ਕੇਜਰੀਵਾਲ ਨੇ ਕਿਹਾ ਕਿ “ਕਹਿੰਦਾ ਹੈ ਬਿਜਲੀ ਬਿੱਲ ਫਰੀ ਹੋ ਗਿਆ, ਪਰ ਅਜਿਹਾ ਕਿਸੇ ਨਾਲ ਨਹੀਂ ਹੋਇਆ। ਤੁਹਾਡੀ ਸਰਕਾਰ ਬਣੀ ਤਾਂ ਭਵਿੱਖ ਬਣੇਗਾ। ਬਿਜਲੀ ਦਾ ਬਿੱਲ ਜ਼ੀਰੋ ਕਰਨਾ ਕੋਈ ਨਹੀਂ ਜਾਣਦਾ, ਸਿਰਫ ਕੇਜਰੀਵਾਲ ਹੀ ਕਰ ਸਕਦਾ ਹੈ, ਇਸ ਲਈ ਨਕਲੀ ਕੇਜਰੀਵਾਲ ਤੋਂ ਦੂਰ ਰਹੋ।”