ਮਾਨਸਾ 28 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਮਾਨਸਾ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕਾਰਜਕਾਰੀ ਜ਼ਿਲਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪੰਜਾਬ ਦੀ ਆਪ ਸਰਕਾਰ ਖਿਲਾਫ ਪ੍ਰੈਸ ਬਿਆਨ ਜਾਰੀ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਦਿੱਲੀ ਮਾਡਲ ਦੀਆਂ ਫੋਕੀਆਂ ਗੱਲਾਂ ਕਰਕੇ ਪੰਜਾਬ ਵਿਚ ਆਈ ਸੀ ਉਹ ਦਿੱਲੀ ਮਾਡਲ ਅੱਜ ਪੰਜਾਬ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ। ਇਸਦੀ ਤਾਜਾ ਮਿਸਾਲ ਬੀਤੇ ਦਿਨੀਂ ਆਪ ਸਰਕਾਰ ਵੱਲੋਂ ਬਣਾਏ ਮਹੱਲਾ ਕਲੀਨਿਕਤੇ ਆਮ ਲੋਕਾਂ ਵੱਲੋਂ ਪ੍ਰਗਟਾਈ ਜਾ ਰਹੀ ਅਵਿਸ਼ਵਾਸਤਾ ਨੇ ਸਰਕਾਰ ਦੇ ਸਿਹਤ ਪ੍ਰਤੀ ਕੀਤੇ ਵਾਦਿਆਂ ਦੀ ਫੂਕ ਕੱਢਕੇ ਰੱਖ ਦਿੱਤੀ ਹੈ। ਵਿੱਕੀ ਨੇ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੋਕਾਂ ਦੇ ਰੋਹ ਦਾ ਸਾਮਣਾ ਕਰਨਾ ਪਿਆ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਿਛਲੇ ਦੱਸ ਮਹੀਨਿਆ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਵਿਖਾ ਦਿੱਤਾ ਹੈ। ਐਡਵੋਕੇਟ ਵਿੱਕੀ ਨੇ ਨਵੇਂ ਬਣੇ ਮਹੱਲਾ ਕਲੀਨਿਕਾ ਨੂੰ ਨਿਰਾ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਪਿੰਡਾਂ ਅੰਦਰ ਬਣੇ ਪ੍ਰਾਇਮਰੀ ਹੈਲਥ ਸੈਂਟਰਾਂ ਦਾ ਨਾਮ ਬਦਲਕੇ ਉਹਨਾਂ ਨੂੰ ਮਹੱਲਾ ਕਲੀਨਿਕਾ ਦਾ ਨਾਮ ਦੇਣਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਨਾਉਣ ਵਾਲੀ ਗੱਲ ਹੈ।ਵਿੱਕੀ ਨੇ ਕਿਹਾ ਕਿ ਝੂਠੇ ਵਾਅਦਿਆਂ ਨਾਲ ਬਣਾਈ ਆਪ ਸਰਕਾਰ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ।