ਚੰਡੀਗੜ੍ਹ 15,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਭਗਵੰਤ ਮਾਨ ਭਲਕੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਹਾਲਾਂਕਿ ਪੰਜਾਬ ਵਿੱਚ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਕਈ ਵੱਡੇ ਫੈਸਲੇ ਹੋਣੇ ਸ਼ੁਰੂ ਹੋ ਗਏ ਹਨ। ਪਤਾ ਲੱਗਾ ਹੈ ਕਿ ਕਾਂਗਰਸ ਦੇ 17 ਸਾਬਕਾ ਮੰਤਰੀਆਂ ਨੂੰ ਆਲੀਸ਼ਾਨ ਬੰਗਲੇ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਸਾਬਾਕਾ ਦੇ 40 ਵਿਧਾਇਕਾਂ ਨੂੰ ਵੀ ਲਗਜ਼ਰੀ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਹੈ।
15ਵੀਂ ਵਿਧਾਨ ਸਭਾ ਨੂੰ ਰਾਜਪਾਲ ਨੇ 11 ਮਾਰਚ ਨੂੰ ਭੰਗ ਕਰ ਦਿੱਤਾ ਸੀ। ਇਸ ਦੇ ਨਾਲ ਹੀ 17 ਸਾਬਕਾ ਮੰਤਰੀਆਂ ਨੂੰ 26 ਮਾਰਚ ਤੱਕ ਆਲੀਸ਼ਾਨ ਬੰਗਲੇ ਖਾਲੀ ਕਰਨ ਦਾ ਸਮਾਂ ਦਿੱਤਾ ਗਿਆ ਹੈ ਤੇ ਸਾਰੇ ਵਿਧਾਇਕਾਂ ਨੂੰ ਵੀ ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਜੇਕਰ ਸਾਬਕਾ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਵੱਲੋਂ ਬੰਗਲੇ ਅਤੇ ਫਲੈਟ ਖਾਲੀ ਨਾ ਕੀਤੇ ਗਏ ਤਾਂ ਉਨ੍ਹਾਂ ਨੂੰ 160 ਗੁਣਾ ਜ਼ਿਆਦਾ ਕਿਰਾਇਆ ਦੇਣਾ ਪਵੇਗਾ।
ਜਿਨ੍ਹਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਨਾਂ ਵੀ ਸ਼ਾਮਲ ਹਨ। ਉਨ੍ਹਾਂ ਨੂੰ 26 ਮਾਰਚ ਤੱਕ ਬੰਗਲੇ ਖਾਲੀ ਕਰਨ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਚਰਨਜੀਤ ਚੰਨੀ ਵੱਲੋਂ ਸਰਕਾਰੀ ਰਿਹਾਇਸ਼ ਪਹਿਲਾਂ ਹੀ ਖਾਲੀ ਕੀਤੀ ਜਾ ਚੁੱਕੀ ਹੈ।
ਜਾਣਕਾਰੀ ਅਨੁਸਾਰ ਵਿਧਾਨ ਸਭਾ ਜਿੱਤ ਕੇ ਆਉਣ ਵਾਲਿਆਂ ਨੂੰ ਚੰਡੀਗੜ੍ਹ ਦੇ ਸੈਕਟਰ 2 ਤੇ 4 ਵਿੱਚ ਰਹਿਣ ਲਈ ਸਰਕਾਰੀ ਫਲੈਟ ਦਿੱਤੇ ਜਾਂਦੇ ਹਨ, ਜਿਸ ਦਾ ਮਾਮੂਲੀ ਕਿਰਾਇਆ ਵੀ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਸੱਤਾ ਵਿੱਚ ਬੈਠੇ ਮੰਤਰੀਆਂ ਨੂੰ ਬੰਗਲੇ ਅਲਾਟ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਕੋਈ ਕਿਰਾਇਆ ਨਹੀਂ ਹੁੰਦਾ। ਇਸ ਵਾਰ ਕਈ ਵੱਡੇ-ਵੱਡਿਆਂ ਨੂੰ ਹਾਰ ਦਾ ਸਾਹਮਣਾ
ਕਰਨਾ ਪਿਆ ਹੈ, ਇਸ ਲਈ ਹੁਣ ਉਨ੍ਹਾਂ ਨੂੰ ਬੰਗਲੇ ਤੇ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਹੈ। ਚੰਡੀਗੜ੍ਹ ‘ਚ ਅਕਾਲੀ ਦਲ ਦੇ ਨਾਂ ‘ਤੇ 3 ਫਲੈਟ ਹਨ।