
ਖੰਨਾ 22 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮਾਛੀਵਾੜਾ ਸਾਹਿਬ ਸਬ ਤਹਿਸੀਲ ਵਿੱਚ ਇੱਕ ਕਾਨੂੰਗੋ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜਿਆ। ਵਿਧਾਇਕ ਵੱਲੋਂ ਇਹ ਸਟਿੰਗ ਆਪ੍ਰੇਸ਼ਨ ਕੀਤਾ ਗਿਆ। ਕਾਨੂੰਗੋ ਨੇ ਇੱਕ ਵਿਅਕਤੀ ਕੋਲੋਂ ਜ਼ਮੀਨ ਤਕਸੀਮ ਦਾ ਕੰਮ ਕਰਨ ਬਦਲੇ 25 ਹਜਾਰ ਰੁਪਏ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਰਣਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਮੀਨ ਤਕਸੀਮ ਦਾ ਕੰਮ ਸੀ। ਜਿਸਦੇ ਲਈ ਕਾਨੂੰਗੋ ਟਾਲ ਮਟੋਲ ਕਰਦਾ ਰਿਹਾ। ਤਿੰਨ ਦਿਨ ਪਹਿਲਾਂ 40 ਹਜਾਰ ਰੁਪਏ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਦੀ ਗੱਲ 25 ਹਜਾਰ ਰੁਪਏ ਚ ਤੈਅ ਹੋ ਗਈ ਸੀ। 10 ਹਜਾਰ ਰੁਪਏ ਉਹ ਤਿੰਨ ਦਿਨ ਪਹਿਲਾਂ ਦੇ ਗਿਆ ਸੀ।
ਇਸ ਬਾਰੇ ਉਸ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਦੱਸਿਆ ਤਾਂ ਵਿਧਾਇਕ ਨੇ ਉਸ ਨੂੰ ਸਟਿੰਗ ਆਪ੍ਰੇਸ਼ਨ ਕਰਨ ਬਾਰੇ ਕਿਹਾ ਗਿਆ। ਅੱਜ ਜਦੋਂ ਉਹ ਬਾਕੀ ਦੀ ਰਕਮ 15 ਹਜਾਰ ਰੁਪਏ ਦੇਣ ਲਈ ਆਇਆ ਤਾਂ ਇਹ ਨੋਟ ਪਹਿਲਾਂ ਫੋਟੋ ਸਟੇਟ ਕਰਵਾ ਲਏ ਗਏ। ਜਿਵੇਂ ਹੀ ਉਸ ਨੇ ਕਾਨੂੰਗੋ ਨੂੰ 15 ਹਜਾਰ ਰੁਪਏ ਦਿੱਤੇ ਤਾਂ ਪਿੱਛੇ ਹੀ ਵਿਧਾਇਕ ਨੇ ਛਾਪਾ ਮਾਰ ਕੇ ਕਾਨੂੰਗੋ ਨੂੰ ਫੜ ਲਿਆ।
ਉੱਥੇ ਹੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਰਿਆਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਕੋਈ ਰਿਸ਼ਵਤ ਦੀ ਮੰਗ ਨਾ ਕਰੇ। ਇਸ ਦੇ ਬਾਵਜੂਦ ਕਾਨੂੰਗੋ ਰਿਸ਼ਵਤ ਲੈ ਰਿਹਾ ਸੀ ਤਾਂ ਉਸ ਨੂੰ ਫੜਿਆ ਗਿਆ। ਆਪ ਸਰਕਾਰ ਨੇ ਆਪਣਾ ਮੰਤਰੀ ਨਹੀਂ ਬਖਸ਼ਿਆ ਤਾਂ ਇਸ ਤੋਂ ਅਫਸਰਸ਼ਾਹੀ ਨੂੰ ਸਬਕ ਲੈਣਾ ਚਾਹੀਦਾ ਹੈ।
