*’ਆਪ’ ਪੰਜਾਬ ‘ਚ ਕਿਉਂ ਬਣਾਉਣਾ ਚਾਹੁੰਦੀ ਸਰਕਾਰ? ਰਾਘਵ ਚੱਢਾ ਨੇ ਕੀਤੇ ਵੱਡੇ ਦਾਅਵੇ *

0
130

ਚੰਡੀਗੜ੍ਹ 04,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ): ਪੰਜਾਬ ਦੀਆਂ 2022 ’ਚ ਹੋਣ ਵਾਲੀਆਂ ਚੋਣਾਂ ਸੰਬੰਧੀ ਏਬੀਪੀ-ਸੀਵੋਟਰ ਵੱਲੋਂ ਕੀਤੇ ਗਏ ਸਰਵੇ ਬਾਰੇ ਆਮ ਆਦਮੀ ਪਾਰਟੀ (ਆਪ) ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਪੂਰਾ ਨਾ ਹੋਣ ਕਾਰਨ ਲੋਕਾਂ ਵਿੱਚ ਗੁੱਸਾ ਹੈ ਅਤੇ 2022 ਵਿੱਚ ਕੈਪਟਨ ਨੂੰ ਸਬਕ ਸਿਖਾਉਂਦੇ ਹੋਏ ‘ਆਪ’ ਦੀ ਸਰਕਾਰ ਬਣਾਉਣਗੇ। ਪਾਰਟੀ ਦਾ ਕਹਿਣਾ ਹੈ, ‘‘ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਕਰਕੇ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹੋਏ ਹਨ, ਇਸ ਲਈ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਜੋ ਦਿੱਲੀ ਵਾਂਗ ਪੰਜਾਬ ਵਿੱਚ ਵੀ ਵਿਕਾਸ ਕੀਤਾ ਜਾਵੇ।’’

‘ਆਪ’ ਵੱਲੋਂ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅਮਰ ਸ਼ਹੀਦਾਂ ਨੇ ਜਿਹੜੇ ਪੰਜਾਬ ਦਾ ਸੁਪਨਾ ਦੇਖਿਆ ਸੀ, ਅੱਜ ਦੇ ਰਾਜਨੀਤਿਕ ਆਗੂਆਂ ਨੇ ਉਸ ਸੁਪਨੇ ਨੂੰ ਉਜਾੜਨ ’ਚ ਕੋਈ ਕਮੀ ਨਹੀਂ ਛੱਡੀ। ਇੱਕ ਸਾਜਿਸ਼ ਦੇ ਤਹਿਤ ਪੰਜਾਬ ਦੀ ਨੌਜਵਾਨੀ ਨਸ਼ਿਆਂ ’ਤੇ ਲਾ ਦਿੱਤਾ ਅਤੇ ਆਪਣੇ ਘਰ ਬਾਹਰ ਦੌਲਤ ਨਾਲ ਭਰ ਲਏ। ਇਹ ਕਮਾਲ ਦੀ ਰਾਜਨੀਤੀ ਹੈ ਜਿਹਦੇ ’ਚ ਸੂਬੇ ਦੀ ਤਾਂ ਤਰੱਕੀ ਨਹੀਂ ਹੋਈ, ਪਰ ਰਾਜਨੀਤਕ ਆਗੂ ਕਰੋੜਪਤੀ ਹੋ ਗਏ। 

ਮੌਜੂਦਾ ਕਾਂਗਰਸ ਸਰਕਾਰ ਦੀ ਅਲੋਚਨਾ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ 2017 ਵਿੱਚ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤਾ ਚੋਣ ਮੈਨੀਫੈਸਟਾ ਦਿਖਾਉਂਦੇ ਹੋਏ ਕਿਹਾ ਕਿ ਇਸ ਵਿੱਚ ਸਾਫ ਤੌਰ ‘ਤੇ ਲਿਖਿਆ ਹੈ ਕਿ 4 ਹਫਤਿਆਂ ਵਿੱਚ ਨਸ਼ਾ ਖਤਮ ਕੀਤਾ ਜਾਵੇਗਾ, ਪਰ ਕੈਪਟਨ ਅਮਰਿੰਦਰ ਸਿੰਘ ਸਾਫ਼ ਹੀ ਮੁੱਕਰ ਗਏ ਹਨ। 

ਉਨ੍ਹਾਂ ਕਿਹਾ ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਹਰ ਤਰ੍ਹਾਂ ਦਾ ਮਾਫੀਆ ਨੂੰ ਖਤਮ ਕਰਨ, ਘਰ-ਘਰ ਰੁਜ਼ਗਾਰ ਦੇਣ, ਬਿਜਲੀ ਦੀਆਂ ਕੀਮਤਾਂ ਘੱਟ ਕਰਨ, ਨਸ਼ਾ ਖਤਮ ਕਰਨ ਤੋਂ ਇਲਾਵਾ ਪ੍ਰਾਈਵੇਟ ਬਿਜਲੀ ਕੰਪਨੀ ਨਾਲ ਕੀਤੇ ਮਾਰੂ ਸਮਝੌਤੇ ਰੱਦ ਕਰਨ ਦੇ ਜੋ ਵਾਅਦੇ ਕੀਤੇ ਸਨ, ਉਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਗੋਂ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲਾਂ ਤੋਂ ਸਿਸਵਾਂ ਸ਼ਾਹੀ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ, ਉਥੇ ਬੈਠੇ ਹੀ ਆਪਣੀ ਸਰਕਾਰ ਚਲਾਉਂਦੇ ਰਹੇ। 

ਚੱਢਾ ਨੇ ਕਿਹਾ, ‘‘ਅੱਜ ਅੰਨਦਾਤਾ ਕਿਸਾਨ ਸੜਕਾਂ ’ਤੇ ਬੈਠਾ ਹੈ, ਆਤਮ ਹੱਤਿਆ ਕਰਨ ਲਈ ਮਜ਼ਬੂਰ ਹੈ। ਇੱਕ ਖੇਤੀ ਪ੍ਰਧਾਨ ਸੂਬੇ ਦੀ ਅੱਜ ਇਹੋ ਜਿਹੀ ਹਾਲਤ ਬਣਾ ਛੱਡੀ ਕਿ ਹਰ ਦਿਨ ਨਾ ਜਾਣੇ ਕਿੰਨੇ ਕਿਸਾਨ ਸਲਫ਼ਾਸ ਖਾਣ ਨੂੰ ਮਜ਼ਬੂਰ ਹੋ ਰਹੇ ਹਨ, ਪਰ ਸੱਤਾ ਦੀ ਕੁਰਸੀ ’ਤੇ ਬੈਠੇ ਜ਼ਾਲਮਾਂ ਨੂੰ ਭੋਰਾ ਵੀ ਫ਼ਰਕ ਨਹੀਂ ਪੈਂਦਾ।’’ ਉਨ੍ਹਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਅਤੇ ਹਿਤਾਸ਼ ਹੈ। ਮਾਪੇ ਆਪਣੇ ਘਰ ਬਾਰ, ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜ ਰਹੇ ਹਨ ਕਿਉਂਕਿ ਪੰਜਾਬ ‘ਚ ਕੋਈ ਰੋਜ਼ਗਾਰ ਹੀ ਨਹੀਂ। 

ਉਨ੍ਹਾਂ ਕਿਹਾ ਇੱਥੇ ਪਾਰਟੀਆਂ ਨਹੀਂ, ਘਰੇਲੂ ਬਿਜਨਸ ਚੱਲ ਰਹੇ ਹਨ। ਪਹਿਲਾਂ ਪਿਓ ਰਾਜ ਕਰਦਾ ਸੀ, ਫਿਰ ਪੁੱਤ ਦੀ ਵਾਰੀ, ਨੂੰਹ, ਚਾਚਾ, ਭਤੀਜਾ ਸਭ ਦਾ ਕਰੀਅਰ ਸੈਟ ਹੈ। ਜੇ ਤੁਸੀਂ ਕਿਸੇ ਵੱਡੇ ਲੀਡਰ ਦੇ ਪੁੱਤ ਹੋ ਤਾਂ ਤੁਹਾਡੇ ਸ਼ਾਨਦਾਰ ਭਵਿੱਖ ਦੀ ਗਰੰਟੀ ਤਾਂ ਸਰਕਾਰ ਲੈਂਦੀ ਹੈ, ਪਰ ਆਮ ਬੱਚਿਆਂ ਦੀ ਐਥੇ ਕੋਈ ਕੀਮਤ ਨਹੀਂ।  ਉਨ੍ਹਾਂ ਸਵਾਲ ਕੀਤਾ, ‘‘ ਕਿਉਂ ਨਹੀਂ ਆਮ ਬੱਚਿਆਂ ਨੂੰ ਅਸੀਂ ਐਥੇ ਹੀ ਵਧੀਆ ਸਿੱਖਿਆ ਦੇ ਸਕਦੇ? ਕਿਉਂ ਪੰਜਾਬ ਦਾ ਟੈਲੇਂਟ ਵਿਦੇਸ਼ਾਂ ’ਚ ਭਟਕ ਰਿਹਾ ਹੈ? 

LEAVE A REPLY

Please enter your comment!
Please enter your name here