*ਆਪ ਦੇ ਸ਼ਾਸਨ ‘ਚ ਨਸ਼ਾ ਮਾਫੀਆ, ਜੰਗਲ ਰਾਜ, ਗੈਰ-ਕਾਨੂੰਨੀ ਮਾਈਨਿੰਗ, ਭਿ੍ਸ਼ਟਾਚਾਰ ਅਤੇ ਫਜ਼ੂਲ ਖਰਚੀ ਦਾ ਬੋਲਬਾਲਾ: ਭਾਜਪਾ*

0
47

ਚੰਡੀਗੜ੍ਹ, 16 ਮਾਰਚ:(ਸਾਰਾ ਯਹਾਂ/ਬਿਊਰੋ ਨਿਊਜ਼)ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਹਿਜ਼ ਇੱਕ ਅਖਬਾਰੀ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਹੈ ਕਿ ਨਸ਼ਿਆਂ ਦੇ ਪ੍ਰਸਾਰ, ਢਹਿ ਢੇਰੀ ਹੋ ਰਹੀ ਆਰਥਿਕਤਾ, ਕੁਸ਼ਾਸਨ, ਜੰਗਲ ਰਾਜ, ਟੁੱਟੇ ਵਾਅਦੇ, ਬੇਕਾਬੂ ਮਾਈਨਿੰਗ ਮਾਫੀਆ ਅਤੇ ਭ੍ਰਿਸ਼ਟਾਚਾਰ ਆਪ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦਾ ਪ੍ਰਤੀਕ ਹਨ। ਇੱਥੇ ਜਾਰੀ ਇੱਕ ਸਖਤ ਲਹਿਜੇ ਭਰੇ ਬਿਆਨ ਵਿੱਚ ਸ਼ੇਰਗਿੱਲ ਨੇ ਪੰਜਾਬ ਨੂੰ ਇਸ ਦੇ ਕਾਲੇ ਦੌਰ ਵਿੱਚ ਧੱਕਣ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਸ਼ੇਰਗਿੱਲ ਨੇ ਕਿਹਾ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਸਮਾਜ ਦੇ ਸਾਰੇ ਵਰਗ ਖਾਸ ਕਰਕੇ ਕਿਸਾਨ ਅਤੇ ਉਦਯੋਗ ਬੁਰੀ ਤਰ੍ਹਾਂ ਦੁਖੀ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਵੋਟਰ ਇਸ ਸਰਕਾਰ ਦੇ ਗੁਨਾਹਾਂ ਦਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ 1.31 ਕਰੋੜ ਮਹਿਲਾ ਵੋਟਰਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇਣਾ ਸਭ ਤੋਂ ਵੱਡਾ ਧੋਖਾ ਹੈ।

ਸ਼ੇਰਗਿੱਲ ਨੇ ਅਫਸੋਸ ਜ਼ਾਹਰ ਕੀਤਾ ਕਿ ਸਰਕਾਰ ਬਣਨ ਤੋਂ 4 ਮਹੀਨਿਆਂ ਅੰਦਰ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਵਿੱਚ ਸਰਕਾਰ ਦੀ ਨਾਕਾਮੀ ਇੱਕ ਟੁੱਟਿਆ ਹੋਇਆ ਵਾਅਦਾ ਹੈ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਹੁਣ ਤੱਕ 200 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਨਸ਼ੇ ਦਾ ਸਰਾਪ ਗੰਭੀਰ ਸਥਿਤੀ ਵਿੱਚ ਪਹੁੰਚ ਗਿਆ ਹੈ।

ਉਨ੍ਹਾਂ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮਾਨ ਨੇ ਬਦਲਾਅ ਲਿਆਉਣ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਕੇ ਭੋਲੇ-ਭਾਲੇ ਪੰਜਾਬੀਆਂ ਨੂੰ ਗੁਮਰਾਹ ਕੀਤਾ ਸੀ, ਲੇਕਿਨ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਸੂਬੇ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਕਿਵੇਂ ਮਾਨ ਫਰਜੀ ਪ੍ਰਚਾਰ ਤੇ ਆਪਣੇ ਸੁਪਰ ਬੌਸ ਅਰਵਿੰਦ ਕੇਜਰੀਵਾਲ ਦੀਆਂ ਹਵਾਈ ਯਾਤਰਾਵਾਂ ‘ਤੇ ਫਿਜ਼ੂਲ ਖਰਚੇ ਕਰ ਰਹੇ ਹਨ।

ਇਸ ਸਬੰਧ ਵਿੱਚ ਆਪਣੇ ਦਾਅਵਿਆਂ ਨੂੰ ਸਹੀ ਠਹਿਰਾਉਂਦੇ ਹੋਏ, ਭਾਜਪਾ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਮਾਨ ਨੇ ਆਰਥਿਕਤਾ ਨੂੰ ਰਿਵਰਸ ਗੀਅਰ ‘ਤੇ ਪਾ ਕੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਘੋਂਪਿਆ ਹੈ।  ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ‘ਤੇ ਪੰਜਾਬ ਸਿਰ 2.81 ਲੱਖ ਕਰੋੜ ਰੁਪਏ ਦਾ ਕਰਜ਼ਾ 2024-25 ਦੇ ਵਿੱਤੀ ਸਾਲ ਦੇ ਅੰਤ ਤੱਕ 3.74 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅੰਕੜੇ ਖੁਦ ਦੱਸਦੇ ਹਨ ਕਿ ਆਪ ਸਰਕਾਰ ਦੇ ਸ਼ਾਸਨ ਵਿੱਚ ਪੰਜਾਬ ਦੀ ਆਰਥਿਕਤਾ ਕਿਵੇਂ ਢਹਿ-ਢੇਰੀ ਹੋ ਰਹੀ ਹੈ।

ਇਸੇ ਤਰ੍ਹਾਂ ਸ਼ੇਰਗਿੱਲ ਨੇ ਕਤਲ, ਜਬਰ-ਜ਼ਨਾਹ ਅਤੇ ਲੁੱਟ-ਖੋਹ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕਾ ਹੈ ਅਤੇ ਇਸ ਸਮੇਂ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ।  ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਵੀ ਹੈ।

ਸ਼ੇਰਗਿੱਲ ਨੇ ਆਪ ਦੀ ਸਰਕਾਰ ‘ਚ ਵੱਧ ਰਹੇ ਮਾਈਨਿੰਗ ਮਾਫੀਆ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਵੀ ਮਾਫੀਆ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਟਿਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਆਬਕਾਰੀ ਨੀਤੀ ਘੁਟਾਲੇ ਨੂੰ ਲੈ ਕੇ ਨਾ ਸਿਰਫ਼ ਆਪ ਸਰਕਾਰ ਸਵਾਲਾਂ ਦੇ ਘੇਰੇ ‘ਚ ਹੈ, ਸਗੋਂ ਸੂਬੇ ‘ਚ ਭ੍ਰਿਸ਼ਟਾਚਾਰ ਵੀ ਬੇਰੋਕ ਜਾਰੀ ਹੈ।  ਸ਼ੇਰਗਿੱਲ ਨੇ ਕਿਹਾ ਕਿ ਆਪ ਵੱਲੋਂ ਕੀਤੇ ਗੁਨਾਹਾਂ ਦੀ ਸੂਚੀ ਲੰਬੀ ਹੈ, ਪਰ ਇੱਕ ਲਾਈਨ ਵਿੱਚ ਕਿਹਾ ਜਾ ਸਕਦਾ ਹੈ ਕਿ ਆਪ ਸਰਕਾਰ ਪੰਜਾਬ ਲਈ ਵਿਨਾਸ਼ਕਾਰੀ ਸਾਬਤ ਹੋਈ ਹੈ।

LEAVE A REPLY

Please enter your comment!
Please enter your name here