
ਚੰਡੀਗੜ੍ਹ 03,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ) ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ ਨਗਰ ਨਿਗਮ ਚੋਣਾ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਇਕਾਈ ਅਤੇ ਹੋਰ ਕਮੇਟੀਆਂ ਨੂੰ ਭੰਗ ਕਰ ਦਿੱਤਾ ਹੈ। ਇਹ ਐਲਾਨ ‘ਆਪ’ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੀਤਾ।
ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ ਵਿੱਚ ਪਾਰਟੀ ਦੇ ਪਰਿਵਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਪਾਰਟੀ ਦੇ ਸਗੰਨਾਤਮਕ ਢਾਂਚੇ ਨੂੰ ਬੂਥ ਤੋਂ ਲੈ ਕੇ ਪ੍ਰਦੇਸ਼ ਤੱਕ ਮਜ਼ਬੂਤ ਅਤੇ ਕਾਰਗਰ ਬਣਾਉਣ ਲਈ ਪੁਰਾਣੇ ਢਾਂਚੇ ਨੂੰ ਭੰਗ ਕੀਤਾ ਗਿਆ ਹੈ। ਪਰ ਨਵੇਂ ਢਾਂਚੇ ਦੇ ਐਲਾਨ ਤੱਕ ਪਾਰਟੀ ਦੇ ਚੰਡੀਗੜ ਮਾਮਲਿਆਂ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ, ਪ੍ਰਦੇਸ਼ ਪ੍ਰਧਾਨ ਪ੍ਰੇਮ ਗਰਗ ਅਤੇ ਚੋਣ ਕਮੇਟੀ ਦੇ ਚੇਅਰਮੈਨ ਚੰਦਰਮੁਖੀ ਸ਼ਰਮਾ ਆਪੋ ਆਪਣੇ ਅਹੁਦਿਆਂ ‘ਤੇ ਬਣੇ ਰਹਿਣਗੇ।
ਜਰਨੈਲ ਸਿੰਘ ਨੇ ਕਿਹਾ,”ਯੋਗ, ਵਫ਼ਾਦਾਰ ਅਤੇ ਮਿਹਨਤੀ ਸਮਾਜਸੇਵੀਆਂ ਅਤੇ ਆਗੂਆਂ ਦੀਆਂ ਜ਼ਿੰਮੇਵਾਰੀਆਂ ਨੂੰ ਵਧਾਇਆ ਜਾਵੇਗਾ ਤਾਂਕਿ ਪਾਰਟੀ ਇੱਕ ਮਜ਼ਬੂਤ ਅਤੇ ਸੰਗਠਿਤ ਟੀਮ ਦੇ ਰੂਪ ਵਿੱਚ ਉਭਰ ਸਕੇ।”
ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਢਾਂਚੇ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਯੋਗ ਅਤੇ ਮਿਹਨਤੀ ਵਰਕਰਾਂ ਅਤੇ ਆਗੂਆਂ ਦੀਆਂ ਜ਼ਿੰਮੇਵਾਰੀਆਂ ਵਧਾਈਆਂ ਜਾਣਗੀਆਂ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਆਪਸ ਵਿੱਚ ਵੰਡੀਆਂ ਜਾਣਗੀਆਂ ਤਾਂ ਜੋ ਆਮ ਆਦਮੀ ਪਾਰਟੀ ਇੱਕ ਮਜ਼ਬੂਤ ਅਤੇ ਸੰਗਠਿਤ ਟੀਮ ਵਜੋਂ ਉਭਰ ਸਕੇ।
