ਚੰਡੀਗੜ੍ਹ 26,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਟਕਪੂਰਾ ਗੋਲੀ ਕਾਂਡ ਲਈ ਨਵੀਂ ਵਿਸ਼ੇਸ਼ ਜਾਂਚ ਕਮੇਟੀ ਐਸਆਈਟੀ ਵੱਲੋਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਪੜਤਾਲ ਲਈ ਸੱਦਣ ਦੇ ਮਾਮਲੇ ਉੱਤੇ ਹੋ ਹੱਲਾ ਕਰਨ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਅਦਾਮੀ ਪਾਰਟੀ ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਬਾਦਲ ਨੂੰ ਨਾ ਤਾਂ ਭਾਰਤ ਦੇ ਸੰਵਿਧਾਨ ਵਿੱਚ ਅਤੇ ਨਾ ਹੀ ਕਿਸੇ ਹੋਰ ਏਜੰਸੀ ਉਤੇ ਵਿਸ਼ਵਾਸ਼ ਹੈ।
ਚੰਡੀਗੜ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ “ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦਾਗ ਛੁਪਾਉਣ ਲਈ ਅਕਾਲੀ ਬਾਦਲ ਹੱਲਾ ਗੁੱਲਾ ਕਰਕੇ ਲੋਕਾਂ ਦਾ ਇਸ ਮਾਮਲੇ ਤੋਂ ਧਿਆਨ ਭਟਕਾਉਣਾ ਚਾਹੁੰਦਾ ਹੈ।ਅਕਾਲੀ ਦਲ ਬਾਦਲ ਆਗੂ ਗੁਰੂ ਦੇ ਗੁਨਾਹਗਾਰ ਹਨ ਅਤੇ ਉਨਾਂ ਨੂੰ ਸਜ਼ਾ ਮਿਲ ਕੇ ਹੀ ਰਹੇਗੀ।”
ਉਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਬਾਦਲ ਦੇ ਦਬਾਅ ਵਿੱਚ ਕੰਮ ਕਰ ਰਹੇ ਹਨ, ਇਸੇ ਲਈ ਬਾਦਲਾਂ ਦੇ ਕਹਿਣ ‘ਤੇ ਆਪਣੀ ਹੀ ਜਾਂਚ ਕਮੇਟੀ ਦੇ ਮੈਂਬਰਾਂ ਨੂੰ ਬਾਰ ਬਾਰ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ, “ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਫ਼ੇਲ ਸਰਕਾਰ ਹੈ, ਜਿਹੜੀ ਆਪਣੇ ਹੀ ਅਧਿਕਾਰੀਆਂ ਦੀ ਸੁਰੱਖਿਆ ਕਰਨ ਵਿੱਚ ਅਸਫ਼ਲ ਰਹੀ ਹੈ।”
ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ “ਅਕਾਲੀ ਦਲ ਬਾਦਲ ਦਾ ਪੁਰਾਣਾ ਰਿਕਾਰਡ ਰਿਹਾ ਹੈ ਕਿ ਉਹ ਹਰ ਕੇਸ ਵਿੱਚ ਆਪਣੇ ਖ਼ਿਲਾਫ਼ ਆਏ ਗਵਾਹਾਂ ਨੂੰ ਡਰਾ ਧਮਕਾ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹੋ ਕੁੱਝ ਹੁਣ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮਾਮਲੇ ਵਿੱਚ ਹੋ ਰਿਹਾ ਹੈ।”
ਉਨਾਂ ਕਿਹਾ ਕਿ “ਅਕਾਲੀ ਦਲ ਬਾਦਲ ਚਾਹੁੰਦਾ ਹੈ ਕਿ ਬਾਦਲ ਪਰਿਵਾਰ ਆਪਣੇ ਹੀ ਘਰ ਦੀ ਇੱਕ ਜਾਂਚ ਕਮੇਟੀ ਬਣਾਵੇ ਅਤੇ ਇਸ ਕਮੇਟੀ ਵਿੱਚ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਮੈਂਬਰ ਬਣਾ ਕੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ। ਪਰ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਸੇ ਸਮੇਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਬੇਅਦਬੀ ਵਿਰੁੱਧ ਇਨਸਾਫ਼ ਮੰਗ ਰਹੇ ਸਿੱਖਾਂ ਉਤੇ ਪੁਲਿਸ ਨੇ ਗੋਲੀਆਂ ਚਲਾ ਕੇ ਦੋ ਨਿਰਦੋਸ਼ ਸਿੱਖਾਂ ਨੂੰ ਮਾਰ ਦਿੱਤਾ ਸੀ।”
ਚੀਮਾ ਨੇ ਕਿਹਾ ਕਿ “ਇਸ ਦੁਖਦ ਕਾਂਡ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ, ਪਰ ਅਕਾਲੀ ਦਲ ਬਾਦਲ ਦੇ ਆਗੂ ਝੂਠੀਆਂ ਅਫ਼ਵਾਹਾਂ ਫਲਾਅ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ।”