ਮਾਨਸਾ 21 ਅਗਸਤ (ਸਾਰਾ ਯਹਾਂ/ਚਨਾਂਦੀਪ ਔਲਖ):
ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਅਧੀਨ ਇੱਕ ਜ਼ਰੂਰੀ ਮੀਟਿੰਗ ਦਫ਼ਤਰ ਸਿਵਲ ਸਰਜਨ ਮਾਨਸਾ ਵਿੱਖੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਦਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਹੈ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਜਾਂ ਕਿਸੇ ਹੋਰ ਕਾਰਨ ਕਰਕੇ ਜੋ ਬੱਚੇ ਅਤੇ ਗਰਭਵਤੀ ਮਾਵਾਂ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਸਨ। ਉਨਾਂ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਇਸ ਮਿਸ਼ਨ ਅਧੀਨ ਕਵਰ ਕਰਨਾ ਹੈ।ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਅਰਸ਼ਦੀਪ ਸਿੰਘ ਜ਼ਿਲ੍ਹਾ ਟੀਕਾਕਰਨ ਅਫ਼ਸਰ ਮਾਨਸਾ ਦੱਸਿਆ ਕਿ ਮਿਸ਼ਨ ਇੰਦਰ ਧਨੁੱਸ਼ ਦਾ ਪਹਿਲਾ ਰਾਊਡ ਜੋ ਕਿ 11 ਸਤੰੰਬਰ ਤੋਂ ਸ਼ੁਰੂ ਹੋ ਕੇ 16 ਸਤੰਬਰ,ਦੂਸਰਾ ਰਾਊਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਸਰਾ ਰਾਊਡ 20 ਨਵੰਬਰ 25 ਨਵੰਬਰ 2023 ਤੱਕ ਹੈ।
ਅੱਜ ਜ਼ਿਲ੍ਹਾ ਮਾਨਸਾ ਦੇ ਐਲ.ਐਚ.ਵੀ. (ਮਹਿਲਾ ਸਿਹਤ ਸੁਪਰਵਾਈਜ਼ਰ) ਕਰਮਚਾਰੀਆਂ ਦੀ ਇੱਕ ਮੀਟਿੰਗ ਦੌਰਾਨ ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਟੀਕਾਕਰਨ ਅਫ਼ਸਰ ਮਾਨਸਾ ਨੇ ਕਿਹਾ ਕਿ ਮਿਸ਼ਨ ਇੰਦਰ ਧਨੁਸ਼ ਸਿਹਤ ਵਿਭਾਗ ਦਾ ਉਪਰਾਲਾ ਹੈ ਜਿਸ ਰਾਹੀਂ ਕਿਸੇ ਵੀ ਕਾਰਨ ਜਾਂ ਕੋਰੋਨਾ ਮਾਹਾਂਮਾਰੀ ਦੇ ਸਮੇਂ ਦੌਰਾਨ ਕੋਈ ਬੱਚਾ ਜਿਸ ਦੀ ਉਮਰ ਦੋ ਸਾਲ ਤੋਂ ਘੱਟ ਹੈ ਜਾਂ ਗਰਭਵਤੀ ਮਾਂ ਕਿਸੇ ਵੀ ਤਰ੍ਹਾਂ ਦੀ ਵੈਕਸੀਨੇਸ਼ਨ ਲੈਣ ਤੋਂ ਬਾਝੇ ਰਹਿ ਗਏ ਹੋਣ, ਉਹ ਇਸ ਮਿਸ਼ਨ ਦਾ ਲਾਹਾ ਲੈ ਸਕਦੇ ਹਨ। ਇਸ ਮਿਸ਼ਨ ਤਹਿਤ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਕੀਤਾ ਜਾਣਾ ਹੈ । ਇਸ ਤਹਿਤ ਜ਼ਿਲ੍ਹਾ ਮਾਨਸਾ ਵਿੱਚ 46 ਸੈਸ਼ਨ (ਕੈਂਪ)ਲਗਾਏ ਜਾ ਰਹੇ ਹਨ, ਜਿਨਾਂ ਵਿਚੋਂ 32 ਕੈੰਪਸ ਹਾਈ ਰਿਸਕ ਗਰੁੱਪ (ਥਾਵਾਂ) ਵਿੱਚ ਪਲਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਹੈ। ਇਸ ਮਿਸ਼ਨ ਤਹਿਤ ਉਸਾਰੀ ਅਧੀਨ ਇਮਾਰਤਾਂ ਭੱਠਿਆਂ ਪਥੇਰਾਂ ਅਤੇ ਸੈਲਰਾਂ ਦੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ । ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਯੂ ਵਿਨ ਪੋਰਟਲ ਤੇ ਇੰਦਰਾਜ ਯਕੀਨੀ ਬਣਾਇਆ ਜਾਵੇ।
ਇਸ ਦੇ ਨਾਲ ਹੀ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਮਾਨਸਾ ਨੇ ਮਿਸ਼ਨ ਇੰਦਰਧਨੁਸ਼ ਦੀ ਤਕਨੀਕੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਦਸੰਬਰ 2023 ਤੱਕ ਐਮ.ਆਰ.ਦਾ ਟੀਚਾ ਪੂਰਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ ,ਜਿਹੜੇ ਬੱਚੇ ਐਮ.ਆਰ ਦੀ ਪਹਿਲੀ ਅਤੇ ਦੂਸਰੀ ਖ਼ੁਰਾਕ ਤੋਂ ਵਾਝੇ ਹਨ, ਜਿਨ੍ਹਾਂ ਬੱਚਿਆ ਦੀ ਉਮਰ ਪੰਜ ਸਾਲ ਤੋਂ ਘੱਟ ਹੈ ਉਹ ਕਵਰ ਕੀਤੇ ਜਾਣ। ਇਸ ਮੌਕੇ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਦਰਸਨ ਸਿੰਘ,ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਸ਼ਿੰਦਰ ਕੌਰ,ਪਰਮਜੀਤ ਕੌਰ, ਕੁਲਵੰਤ ਕੌਰ, ਨਿਰਮਲ ਕੌਰ,ਮੀਨਾਕਸ਼ੀ ਤੋਂ ਇਲਾਵਾ ਜ਼ਿਲੇ ਦੀਆਂ ਸਮੂਹ ਐੱਲ.ਐਚ.ਵੀ.ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।