ਚੰਡੀਗੜ੍ਹ 29 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼):: ਰੋਹਤਕ ਜੇਲ ਤੋਂ ਪੈਰੋਲ ‘ਤੇ ਬਰਨਾਵਾ ਦੇ ਬਾਗਪਤ ਆਸ਼ਰਮ ਪਹੁੰਚੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਪੁਰਾਣੇ ਰੰਗ ‘ਚ ਨਜ਼ਰ ਆ ਰਹੇ ਹਨ। ਰਾਮ ਰਹੀਮ ਨੇ ਕੁਝ ਹੀ ਦਿਨਾਂ ‘ਚ ਤਿੰਨ ਵੀਡੀਓ ਸ਼ੇਅਰ ਕੀਤੇ ਹਨ। ਤਾਜ਼ਾ ਵੀਡੀਓ ‘ਚ ਬਾਬਾ ਵਾਲੀਬਾਲ ਖੇਡਦਾ ਨਜ਼ਰ ਆਇਆ।ਬਾਬਾ ਲਗਾਤਾਰ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰ ਰਿਹਾ ਹੈ।ਉਹ ਸੋਸ਼ਲ ਮੀਡੀਆ ਰਾਹੀਂ ਹਰ ਰੋਜ਼ ਆਪਣੇ ਸਮਰਥਕਾਂ ਨੂੰ ਉਪਦੇਸ਼ ਵੀ ਦੇ ਰਿਹਾ ਹੈ।ਹੁਣ ਤੱਕ ਹਜ਼ਾਰਾਂ ਦੀ ਗਿਣਤੀ ‘ਚ ਸਮਰਥਕ ਰਾਮ ਰਹੀਮ ਨਾਲ ਮੁਲਾਕਾਤ ਕਰ ਚੁੱਕੇ ਹਨ।
ਰਾਮ ਰਹੀਮ ਨੇ 17 ਜੂਨ ਨੂੰ ਰੋਹਤਕ ਜੇਲ੍ਹ ਤੋਂ ਬਾਗਪਤ ਸਥਿਤ ਬਰਨਾਵਾ ਆਸ਼ਰਮ ਪਹੁੰਚਣ ਤੋਂ ਬਾਅਦ ਪਹਿਲਾ ਵੀਡੀਓ ਜਾਰੀ ਕੀਤਾ ਸੀ। ਇਸ ਦੇ 5 ਦਿਨਾਂ ਬਾਅਦ ਉਸ ਨੇ ਇੱਕ ਹੋਰ ਵੀਡੀਓ ਭੇਜੀ। ਦੱਸ ਦੇਈਏ ਕਿ ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ, ਰਣਜੀਤ ਕਤਲ ਕੇਸ ਅਤੇ ਛਤਰਪਤੀ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ‘ਚ ਉਹ 21 ਦਿਨਾਂ ਲਈ ਫਰਲੋ ‘ਤੇ ਆਇਆ ਸੀ।
ਡੇਰਾ ਸੱਚਾ ਸੌਦਾ ਮੈਨੇਜਮੈਂਟ ‘ਤੇ ਸਖਤੀ ਤੋਂ ਬਾਅਦ ਮੰਗਲਵਾਰ ਨੂੰ ਡੇਰੇ ‘ਚ ਪੈਰੋਕਾਰਾਂ ਦੀ ਭੀੜ ਨਹੀਂ ਪਹੁੰਚੀ। ਡੇਰੇ ਦੇ ਅਹਾਤੇ ਵਿੱਚ ਗਿਣਤੀ ਬਹੁਤ ਘੱਟ ਦਿਖਾਈ ਦਿੱਤੀ। ਪ੍ਰਬੰਧਕਾਂ ਦੀ ਇਜਾਜ਼ਤ ਤੋਂ ਬਾਅਦ ਹੀ ਕਿਸੇ ਨੂੰ ਵੀ ਅੰਦਰ ਜਾਣ ਦਿੱਤਾ ਜਾਂਦਾ ਸੀ। ਇਸ ਕਾਰਨ ਬੜੌਤ-ਮੇਰਠ ਸੜਕ ’ਤੇ ਸੰਨਾਟਾ ਛਾ ਗਿਆ, ਜਿਸ ’ਤੇ ਪਿਛਲੇ ਕਈ ਦਿਨਾਂ ਤੋਂ ਵਾਹਨਾਂ ਦਾ ਕਾਫ਼ਲਾ ਨਜ਼ਰ ਆ ਰਿਹਾ ਸੀ।
ਇਸ ਤੋਂ ਪਹਿਲਾਂ ਹਰ ਦਿਨ ਸ਼ਰਧਾਲੂਆਂ ਦੀ ਭੀੜ ਵਧਦੀ ਜਾ ਰਹੀ ਸੀ, ਜਿਸ ਕਾਰਨ ਸੜਕਾਂ ‘ਤੇ ਆਵਾਜਾਈ ਦੀ ਸਮੱਸਿਆ ਪੈਦਾ ਹੋ ਰਹੀ ਸੀ। ਇਸ ਦੇ ਮੱਦੇਨਜ਼ਰ ਬਿਨੌਲੀ ਪੁਲੀਸ ਨੇ 27 ਜੂਨ ਨੂੰ ਡੇਰਾ ਪ੍ਰਬੰਧਕ ਡਾਕਟਰ ਪ੍ਰਿਥਵੀਰਾਜ ਨੈਨ ਨੂੰ ਨੋਟਿਸ ਭੇਜ ਕੇ ਆਸ਼ਰਮ ਦੇ ਗੇਟ ’ਤੇ ਚਿਪਕਾ ਦਿੱਤਾ ਸੀ। ਨੋਟਿਸ ‘ਚ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਸ਼ਾਮ ਤੱਕ ਸ਼ਰਧਾਲੂਆਂ ਨੂੰ ਆਸ਼ਰਮ ‘ਚੋਂ ਨਾ ਕੱਢਿਆ ਗਿਆ ਤਾਂ ਨਾ ਸਿਰਫ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਰੱਦ ਕਰਨ ਦੀ ਰਿਪੋਰਟ ਭੇਜੀ ਜਾਵੇਗੀ, ਸਗੋਂ ਪ੍ਰਬੰਧਕ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ। ਪੁਲੀਸ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਡੇਰਾ ਪ੍ਰਬੰਧਕਾਂ ਵਿੱਚ ਹੜਕੰਪ ਮੱਚ ਗਿਆ।