
ਬੁਢਲਾਡਾ 05 ਜੁਲਾਈ(ਸਾਰਾ ਯਹਾਂ/)ਅਮਨ ਮਹਿਤਾ): ਪਿਛਲੇ ਕਈ ਸਾਲਾਂ ਤੋਂ ਬਿਨਾਂ ਤਨਖਾਹ ਦੇ ਨਿਗੂਣੇ ਭੱਤਿਆ ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸੁਖਵਿਦਰ ਕੌਰ ਸੁਖੀ ਅਤੇ ਬਲਾਕ ਪ੍ਰਧਾਨ ਕਿਰਨਜੀਤ ਕੌਰ ਨੇ ਕਿਹਾ ਕਿ ਕਰੋਨਾ ਮਾਹਾਮਾਰੀ ਤੋਂ ਲੈ ਕੇ ਹੁਣ ਤੱਕ ਅਨੇਕਾਂ ਹੀ ਜ਼ਿੰਮੇਵਾਰੀ ਨਿਭਾ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ 6 ਜੁਲਾਈ ਨੂੰ ਕਾਲੀਆਂ ਚੁੰਨੀਆਂ ਲੈ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਲਗਪਗ 12-12 ਸਾਲਾਂ ਤੋਂ ਬਿਨਾਂ ਤਨਖਾਹ ਅਤੇ ਨਿਗੂਣੇ ਭੱਤਿਆ ਤੇ ਗਰਾਊਂਡ ਲੈਵਲ ਅਤੇ ਸਿਹਤ ਵਿਭਾਗ ਦੇ ਅਨੇਕਾ ਕੰਮਾਂ ਤੋਂ ਇਲਾਵਾ ਕੋਰੋਨਾ ਮਾਹਾਮਾਰੀ ਦੇ ਅਨੇਕਾਂ ਕੰਮਾਂ ਵਿਚ ਆਸ਼ਾ ਵਰਕਰਾਂ ਨੇ ਕੋਰੋਨਾ ਯੋਧੇ ਬਣ ਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਘਰ ਘਰ ਜਾ ਕੇ ਸਰਵੇ ਕਰਨਾ, ਸ਼ੱਕੀ ਮਰੀਜ਼ ਲੱਭਣੇ, ਸੈਂਪਲਿੰਗ ਕਰਾਉਣਾ, ਆਕਸੀਜਨ ਚੈੱਕ ਕਰਕੇ ਦੱਸਣੀ, ਵੈਕਸੀਨੇਸ਼ਨ ਲਈ ਮੋਟੀਵੇਟ ਕਰਨਾ, ਕੈਂਪਾਂ ਚ ਵੈਕਸਿਨ ਦਾ 100 ਫ਼ੀਸਦੀ ਕਰਾਉਣਾ ਆਦਿ ਕੰਮਾਂ ਵਿੱਚ ਆਸ਼ਾ ਵਰਕਰਾਂ ਨੇ ਵੱਧ ਚਡ਼੍ਹ ਕੇ ਸਾਥ ਦਿੱਤਾ ਹੈ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਨਾ ਤਾਂ ਵਰਕਰਾਂ ਦੀਅਾਂ ਤਨਖਾਹਾ ਸਮੇਂ ਸਿਰ ਮਿਲਦੀਆਂ ਹਨ ਅਤੇ ਨਾ ਹੀ ਉਨ੍ਹਾਂ ਦੀਆਂ ਮੁੱਖ ਮੰਗਾਂ ਦਾ ਸਰਕਾਰ ਕੋਈ ਹੱਲ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਹਰਿਆਣੇ ਦੀ ਤਰਜ਼ ਤੇ ਭੱਤਾ ਦਿੱਤਾ ਜਾਵੇ, ਫੈਸਿਲੀਟੇਟਰਾਂ ਨੂੰ 4000 ਰੁਪਏ ਤੇ 500 ਰੁਪਏ ਪ੍ਰਤੀ ਟੂਰ ਦਿੱਤਾ ਜਾਵੇ, ਵਰਕਰਾਂ ਨੂੰ 15000 ਘੱਟੋ ਘੱਟ ਤਨਖ਼ਾਹ ਲਾਗੂ ਕੀਤੀ ਜਾਵੇ ਅਤੇ ਵਰਕਰਾਂ ਨੂੰ ਸਮਾਰਟ ਫੋਨ ਵੀ ਦਿੱਤੇ ਜਾਣ। ਇਸ ਮੌਕੇ ਪ੍ਰਕਾਸ਼ ਕੌਰ, ਨਿਰਮਲ ਰਾਣੀ, ਜਸਵਿੰਦਰ ਕੌਰ, ਅਜੀਤਪਾਲ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਵੀਰਪਾਲ ਕੌਰ, ਅਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਆਦਿ ਹਾਜ਼ਰ ਸਨ।
