
ਸਰਦੂਲਗੜ੍ਹ 10 ਸਤੰਬਰ (ਬਪਸ ) : ਪਿਛਲੇ ਕਈ ਦਿਨਾਂ ਤੋਂ ਆਸ਼ਾ ਵਰਕਰ ਫੈਸੀਲੇਟਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਧਰਨਾ ਦਿੱਤਾ ਹੋਇਆ ਹੈ। ਅੱਜ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਧਰਨਾ ਦੇ ਰਹੀਆਂ ਆਸ਼ਾ ਵਰਕਰਾਂ ਨੇ ਬਲਾਕ ਪ੍ਰਧਾਨ ਰੁਪਿੰਦਰ ਕੌਰ ਰਿੰਪੀ ਦੀ ਅਗਵਾਹੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਮੋਫਰ ਨੂੰ ਆਪਣਾ ਮੰਗ ਪੱਤਰ ਦਿੱਤਾ। ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਰਿੰਪੀ ਨੇ ਦੱਸਿਆ ਕੇ ਉਨ੍ਹਾਂ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਪਿਛਲੇ ਬਾਰਾਂ ਸਾਲਾਂ ਤੋਂ ਬਿਨਾਂ ਤਨਖਾਹ ਤੋਂ ਸਿਹਤ ਮਹਿਕਮੇ ਵਿੱਚ ਸਮਾਜ ਸੇਵਾ ਕਰਦੀਆਂ ਆ ਰਹੀਆਂ ਹਨ ਅਤੇ ਇਨ੍ਹਾਂ ਦਾ ਸਿਹਤ ਮਹਿਕਮੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜਿਸ ਤਰ੍ਹਾਂ ਜੱਚਾ ਬੱਚਾ ਦੀ ਮੌਤ ਦਰ ਘਟਣੀ ਸੈਕਸ ਰੇਸ਼ੋ ਵਿੱਚ ਵਾਧਾ ਹੋਇਆ ਫੈਮਿਲੀ ਪਲੈਨਿੰਗ ਅਤੇ ਜੱਚਾ ਬੱਚਿਆਂ ਦਾ ਟੀਕਾ ਕਰਨ ਆਦਿ ਅਨੇਕਾਂ ਹੀ ਕੰਮ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਜਿਹੀ ਨਾ ਮੁਰਾਦ ਬਿਮਾਰੀ ਵਿੱਚ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਗਰਾਊਂਡ ਜ਼ੀਰੋ ਤੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਲੋੜ ਮੁਤਾਬਿਕ ਇਕਾਂਤਵਾਸ ਕੀਤਾ ,ਟੈਸਟ ਲਈ ਭੇਜਣਾ , ਪੋਜੀਟਿਵ ਕੇਸ ਨੂੰ ਐਂਬੂਲੈਂਸ ਆਉਣ ਤੱਕ ਨਿਗਰਾਨੀ ਹੇਠ ਰੱਖਣਾ, ਜਿਸ ਕਾਰਨ ਬਹੁਤ ਥਾਵਾਂ ਤੇ ਆਸ਼ਾ ਵਰਕਰਾਂ ਨੁੰ ਲੜਾਈ ਝਗੜੇ ਕੁੱਟਮਾਰ ਦੀਆਂ ਸ਼ਿਕਾਰ ਵੀ ਹੋਣਾ ਪਿਆ ਅਤੇ ਆਪ ਖੁਦ ਵੀ ਕਰੋਨਾ ਪਾਜ਼ੀਟਿਵ ਪਾਈਆਂ ਗਈਆਂ ਅਤੇ ਕਰੋਨਾ ਦਾ ਕੰਮ ਖਤਮ ਨਹੀਂ ਹੋਇਆ ਅਜੇ ਵੀ ਜਾਰੀ ਹੈ।
ਕਰੋਨਾ ਜਾਂ ਇਸ ਨਾਲ ਸਬੰਧਤ ਕੋਈ ਵੀ ਕੰਮ ਚਾਹੇ ਉਹ ਆਫਲਾਈਨ ਹੋਵੇ ਚਾਹੇ ਆਨਲਾਈਨ ਹਰ ਤਰ੍ਹਾਂ ਦੀ ਡਿਊਟੀ ਨਿਭਾ ਰਹੀਆਂ ਵਰਕਰਾਂ ਨੂੰ ਸਰਕਾਰ ਵੱਲੋਂ ਅੱਖੋਂ ਪਰੋਖੇ ਕਰਨ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪਹਿਲਾਂ ਵੀ ਕਈ ਵਾਰ ਲਿਖਤੀ ਰੂਪ ਵਿੱਚ ਸਰਕਾਰ ਨੂੰ ਗੁਹਾਰ ਲਗਾਈ ਹੈ ਪਰ ਸਰਕਾਰ ਨੇ ਨਾ ਤਾਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਹਨ ਸਗੋਂ ਇਸ ਦੇ ਉਲਟ ਕਰੋਨਾ ਭੱਤਾ ਵੀ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਪੰਜਾਬ ਦੀਆਂ ਆਸ਼ਾ ਵਰਕਰਾਂ ਵਿੱਚ ਭਾਰੀ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ 29 ਦਸੰਬਰ ਨੂੰ ਵੱਡੀ ਗਿਣਤੀ ਵਿੱਚ ਪਟਿਆਲੇ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਸੁਮਨ ਰਾਣੀ ਪਰਮਜੀਤ ਕੌਰ ਕਮਲਜੀਤ ਕੌਰ ਦਵਿੰਦਰਜੀਤ ਕੌਰ ਆਦਿ ਹਾਜ਼ਰ ਸਨ।
ਕੈਪਸ਼ਨ: ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਮੋਫਰ ਨੂੰ ਆਪਣਾ ਮੰਗ ਪੱਤਰ ਦਿੰਦੀਆਂ ਹੋਈਆਂ ਆਸ਼ਾ ਵਰਕਰਾਂ।
