ਆਨ ਲਾਈਨ ਸਿੱਖਿਆ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਦੋਆਬਾ ਰੇਡੀਓ।

0
15

ਮਾਨਸਾ, 2 ਜੁਲਾਈ (ਸਾਰਾ ਯਹਾ/ਜੋਨੀ ਜਿੰਦਲ) : ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਿਆ ਪ੍ਰਦਾਨ ਕਰਨ ਹਿੱਤ ਹਰ ਮਾਧਿਅਮ ਦੀ ਬਾਖੂਬੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਇਸ ਔਖੀ ਘੜ੍ਹੀ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹੇ। ਇਸ ਵਿੱਚ ਦੂਰਦਰਸ਼ਨ ਚੈਨਲ, ਦੋਆਬਾ ਰੇਡੀਓ, ਸਵਯਮ ਪ੍ਰਭਾ, ਯੂ-ਟਿਊਬ ਚੈਨਲ ਆਦਿ ਮਾਧਿਅਮਾਂ ਰਾਹੀ ਪੜ੍ਹਾਈ ਕਰਵਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ “ਦੋਆਬਾ ਰੇਡੀਓ ਤੇ ਚੱਲ ਰਹੇ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਂ ਦੇ ਪ੍ਰਸਾਰਣ ‘ਚ ਜ਼ਿਲ੍ਹਾ ਮਾਨਸਾ 92 ਲੈਕਚਰਾਂ ਨਾਲ ਸਭ ਤੋਂ ਮੋਹਰੀ ਹੈ, ਜਦੋਂ ਕਿ ਤਰਨਤਾਰਨ 45 ਲੈਕਚਰਾਂ ਨਾਲ ਦੂਜੇ, ਹੁਸ਼ਿਆਰਪੁਰ 41 ਲੈਕਚਰਾਂ ਨਾਲ ਤੀਜੇ, ਗੁਰਦਾਸਪੁਰ 33 ਲੈਕਚਰਾਂ ਨਾਲ ਚੋਥੇ, ਲੁਧਿਆਣਾ 30 ਲੈਕਚਰਾਂ ਨਾਲ ਪੰਜਵੇਂ ਸਥਾਨ ਤੇ ਹੈ। ਅੱਜ ਜ਼ਿਲ੍ਹਾ ਮਾਨਸਾ ਤੋਂ ਸਰਕਾਰੀ ਹਾਈ ਸਕੂਲ ਅਹਿਮਦਪੁਰ ਦੀ ਕੰਪਿਊਟਰ ਅਧਿਆਪਕਾ ਗੀਤਾ ਰਾਣੀ ਜਿੰਦਲ, ਗੁਰਦਾਸਪੁਰ ਜ਼ਿਲ੍ਹੇ ਤੋਂ ਪ੍ਰਾਇਮਰੀ ਸਕੂਲ ਬੁੱਲੇਚੱਕ ਦੀ ਅਧਿਆਪਕਾ ਹਰਜਿੰਦਰ ਕੌਰ, ਬਠਿੰਡੇ ਜ਼ਿਲ੍ਹੇ ਤੋਂ ਪ੍ਰਾਇਮਰੀ ਸਕੂਲ ਦਿੱਖ ਦੀ ਪ੍ਰਵੀਨ ਕੁਮਾਰੀ, ਪਠਾਨਕੋਟ ਜ਼ਿਲ੍ਹੇ ਤੋਂ ਸੈਕੰਡਰੀ ਸਕੂਲ ਬਸ਼ਰੂਪ ਦੇ ਰਵੀ ਕਾਂਤ ਅਤੇ ਤਰਨਤਾਰਨ ਜ਼ਿਲ੍ਹੇ ਤੋਂ ਹਾਈ ਸਕੂਲ ਭੂਰਾਖੋਨਾ ਦੇ ਪੰਕਜ ਕੁਮਾਰ ਦੇ ਲੈਕਚਰ ਅਤਿ ਦਿਲਚਸਪ ਰਹੇ। ਇਹ ਲੈਕਚਰ ਕੰਪਿਊਟਰ, ਪੰਜਾਬੀ, ਅੰਗਰੇਜ਼ੀ, ਸਮਾਜਿਕ ਸਿੱਖਿਆ ਅਤੇ ਕੋਵਿਡ 19 ਦੀ ਜਾਗਰੂਕਤਾ ਨਾਲ ਵੱਖ ਵੱਖ ਵਿਸ਼ਿਆਂ
ਤੇ ਅਧਾਰਿਤ ਸਨ। ਸੁਣੋ ਸੁਣਾਵਾਂ ਪਾਠ ਪੜਾਵਾਂ ਦੇ ਚੈੱਨਲ ਤਹਿਤ ਇਹ ਲੈਕਚਰ ਕਰੋਨਾ ਦੀ ਇਸ ਮਹਾਂਮਾਰੀ ਦੌਰਾਨ ਪੰਜਾਬ ਦੇ ਲੱਖਾਂ ਦੀ ਗਿਣਤੀ ਵਿੱਚ ਘਰ ਬੈਠੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਹਿਮ ਸਹਾਈ ਹੋ ਰਹੇ ਹਨ।
ਦੋਆਬਾ ਰੇਡੀਓ ਦੇ ਬੁਲਾਰੇ ਸਮਰਜੀਤ ਸ਼ੰਮੀ ਨੇ ਦੱਸਿਆ ਕਿ ਹੁਣ ਤੱਕ ਕੁੱਲ 424 ਅਧਿਆਪਕਾਂ ਦੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਲੈਕਚਰ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਆਪਣੇ ਵਿਸ਼ਿਆਂ ‘ਚ ਮਾਹਿਰ ਅਧਿਆਪਕ ਇਸ ਪ੍ਰੋਗਰਾਮ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਹਨ।
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿ ਸਿੱਖਿਆ ਵਿਭਾਗ ਦੇ ਯਤਨਾਂ ਸਦਕਾ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕ ਨਿਵੇਕਲੇ ਤਰੀਕਿਆਂ ਅਤੇ ਦਿਲਚਸਪ ਲੈਕਚਰਾਂ ਆਦਿ ਨਾਲ ਘਰ ਬੈਠੇ ਬੱਚਿਆਂ ਦੇ ਨਾਲ ਰੂ ਬ ਰੂ ਹੋ ਰਹੇ ਹਨ।
ਸਿੱਖਿਆ ਖੇਤਰ ਨਾਲ ਜੁੜੇ ਅਧਿਆਪਕਾਂ ਕਰਨੈਲ ਵੈਰਾਗੀ, ਸੱਤਪਾਲ ਭੀਖੀ, ਡਾ: ਬੂਟਾ ਸਿੰਘ ਸੇਂਖੋ, ਲੈਕਚਰਾਰ ਯੋਗਿਤਾ ਜੋਸ਼ੀ ਅਤੇ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਆਨਲਾਈਨ ਪੜ੍ਹਾਈ ਦੀਆਂ ਬੇਸ਼ੱਕ ਵੱਡੀਆਂ ਦਿੱਕਤਾਂ ਸਨ, ਪਰ ਸਿੱਖਿਆ ਵਿਭਾਗ ਦੀ ਵਿਉਂਤਬੰਦੀ ਅਤੇ ਅਧਿਆਪਕਾਂ ਦੀ ਮਿਹਨਤ ਕਾਰਨ ਰੇਡੀਓ, ਦੂਰਦਰਸ਼ਨ ਅਤੇ ਹੋਰ ਚੈੱਨਲਾਂ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਮੰਨਿਆਂ ਕਿ ਬੱਚਿਆਂ ਦੀਆਂ ਆਰਥਿਕ ਹਾਲਤਾਂ ਦੇ ਮੱਦੇਨਜ਼ਰ ਪੜ੍ਹਾਈ ਦੇ ਸਹੀ ਮਾਹੌਲ ਲਈ ਅਨੇਕਾਂ ਦਿੱਕਤਾਂ ਨੇ, ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਿਸੇ ਨਾ ਕਿਸੇ ਰੂਪ ਵਿੱਚ ਆਨਲਾਈਨ ਪੜ੍ਹਾਈ ਕਰ ਰਹੇ ਹਨ।

LEAVE A REPLY

Please enter your comment!
Please enter your name here