*ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਦਾ ਮੌਜੂਦਾ ਸਮੇਂ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਹੋਵੇਗਾ ਫਾਇਦਾ-ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ*

0
24
???????

ਮਾਨਸਾ, 28 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਉੱਚ ਪੱਧਰ ਦਾ ਗਿਆਨ ਦੇਣ ਲਈ ਅੱਜ ਸਥਾਨਕ ਜ਼ਿਲ੍ਹਾ ਅੰਬੇਡਕਰ ਭਵਨ ਵਿਖੇ ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਮਾਨਸਾ ਯੂਥ ਲਾਇਬ੍ਰੇਰੀ ਦਾ ਉਦਘਾਟਨ ਕੀਤਾ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਕਿਸੇ ਉੱਚ ਸੰਸਥਾਵਾਂ ਵਿੱਚ ਦਾਖਲਿਆਂ,  ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਨੌਕਰੀਆਂ ਵਿੱਚ ਇਹ ਲਾਇਬੇ੍ਰਰੀਆਂ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਉਨ੍ਹਾਂ ਕਿਹਾ ਕਿ ਮਾਨਸਾ ਵਿਖੇ ਜ਼ਿਲ੍ਹਾ ਪੱਧਰ ’ਤੇ ਖੁਲ੍ਹੀ ਇਹ ਲਾਇਬ੍ਰੇਰੀ ਬਹੁਤ ਹੀ ਸੁੰਦਰ ਢੰਗ ਨਾਲ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਵੀ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।  ਪਹਿਲਾਂ ਪਿੰਡਾਂ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ’ਚ ਪੜ੍ਹਨ ਲਈ ਸ਼ਹਿਰਾਂ ਵੱਲ ਆਉਣਾ ਪੈਂਦਾ ਸੀ ਪਰ ਹੁਣ ਉਹ ਪਿੰਡਾਂ ਵਿੱਚ ਹੀ ਇਨ੍ਹਾਂ ਆਧੁਨਿਕ ਲਾਇਬੇ੍ਰਰੀਆਂ ਦਾ ਲਾਹਾ ਲੈ ਰਹੇ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਨ੍ਹਾਂ ਲਾਇਬ੍ਰੇਰੀਆਂ ਦਾ ਮੌਜੂਦਾ ਸਮੇਂ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕਾਫ਼ੀ ਫਾਇਦਾ ਹੋਵੇਗਾ।  
ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਦੀ ਰੂਪ-ਰੇਖਾ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਤਿਆਰ ਕੀਤੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਨੇ ਇਸਦਾ ਸਮੇਂ-ਸਮੇਂ ’ਤੇ ਨਿਰੀਖਣ ਕੀਤਾ, ਜਿਸ ਸਦਕਾ ਅੱਜ ਮਾਨਸਾ ਜ਼ਿਲ੍ਹੇ ਨੂੰ ਇਹ ਆਧੁਨਿਕ ਲਾਇਬ੍ਰੇਰੀ ਸਪੁਰਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਅਤੇ ਕਲਪਨਾ ਸ਼ਕਤੀ ਵਿੱਚ ਵਾਧੇ ਲਈ ਲਾਇਬ੍ਰੇਰੀਆਂ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਦੀ ਤਿਆਰੀ ਲਈ ਸਾਨੂੰ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਹ ਗਿਆਨ ਸਾਨੂੰ ਲਾਇਬ੍ਰੇਰੀਆਂ ਪ੍ਰਦਾਨ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਮਹਾਨਗਰਾਂ ਵਿੱਚ ਖੁਲ੍ਹੀਆਂ ਲਾਇਬ੍ਰੇਰੀਆਂ ਨੂੰ ਮਾਤ ਪਾਉਂਦੀ ਇਸ ਆਧੁਨਿਕ ਲਾਇਬ੍ਰੇਰੀ ਵਿੱਚ ਜਿੱਥੇ ਵਿਦਿਆਰਥੀਆਂ ਦੇ ਪੜ੍ਹਨ ਲਈ ਬਹੁਤ ਹੀ ਉਪਯੋਗੀ ਕਿਤਾਬਾਂ ਰੱਖੀਆਂ ਗਈਆਂ ਹਨ, ਉਥੇ ਹੀ ਡਿਜੀਟਲ ਕਿਤਾਬਾਂ ਪੜ੍ਹਨ ਅਤੇ ਡਾਊਨਲੋਡ ਕਰਨ ਲਈ ਕੰਪਿਊਟਰਜ਼ ਸਮੇਤ ਵਾਈ ਫਾਈ ਕੁਨੈਕਸ਼ਨ ਅਤੇ ਵਧੀਆਂ ਫਰਨੀਚਰ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਉੱਚ ਪੱਧਰੀ ਲਾਇਬ੍ਰੇਰੀ ਵਿੱਚ ਕੈਫੇ, ਗੇਮ ਜ਼ੋਨ, ਸੰਗੀਤ ਕਮਰਾ, ਕੁਆਇਟ ਜ਼ੋਨ ਆਦਿ ਵੀ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਪੜ੍ਹਨ ਦੇ ਸ਼ੌਕੀਨ ਵਿਅਕਤੀਆਂ ਨੂੰ ਇਸ ਲਾਇਬੇ੍ਰਰੀ ਵਿੱਚ ਰਜਿਸਟੇ੍ਰਸ਼ਨ ਕਰਵਾ ਕੇ ਇਸ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਹਾਈਟੈਕ ਲਾਇਬ੍ਰੇਰੀ ਵਿੱਚ ਰੈਡ ਕਰਾਸ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਲਾਇਬ੍ਰੇਰੀ ਵਿੱਚ ਰਜਿਸਟੇ੍ਰਸ਼ਨ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਸ਼ਨਾਖ਼ਤੀ ਕਾਰਡ ਵੰਡੇ ਗਏ ਅਤੇ ਲਾਇਬ੍ਰੇਰੀ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਆਕਾਸ਼ ਬਾਂਸਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ, ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ, ਐਸ.ਪੀ. ਸ਼੍ਰੀ ਐਮ.ਐਸ. ਔਲਖ, ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼੍ਰੀ ਚੁਸਪਿੰਦਰਬੀਰ ਸਿੰਘ ਚਹਿਲ, ਪ੍ਰਧਾਨ ਆਈ.ਐਮ.ਏ. ਅਤੇ ਵਾਇਸ ਆਫ਼ ਮਾਨਸਾ ਡਾ. ਜਨਕ ਰਾਜ, ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਤੇਜਿੰਦਰ ਕੌਰ, ਸਾਹਿਤਕਾਰ ਸ਼੍ਰੀ ਦਰਸ਼ਨ ਸਿੰਘ ਜੋਗਾ, ਸ਼੍ਰੀ ਲਖਵਿੰਦਰ ਸਿੰਘ ਮੂਸਾ, ਸ਼੍ਰੀ ਹਰਦੀਪ ਸਿੱਧੂ, ਸ਼੍ਰੀ ਸੰਦੀਪ ਘੰਢ ਅਤੇ ਸ਼੍ਰੀ ਵਿਸ਼ਵਦੀਪ ਬਰਾੜ ਤੋਂ ਇਲਾਵਾ ਹੋਰ ਵੀ ਅਧਿਕਾਰੀ, ਕਰਮਚਾਰੀ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀ ਮੌਜੂਦ ਸਨ।  

LEAVE A REPLY

Please enter your comment!
Please enter your name here