
ਮਾਨਸਾ, 08 ਨਵੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):
ਡਿਪਟੀ ਕਮਿਸਨਰ ਸ੍ਰੀ ਪਰਮਵੀਰ ਸਿੰਘ ਦੇ ਆਦੇਸ਼ਾਂ ’ਤੇ ਬਲਾਕ ਭੀਖੀ ਦੇ ਪਿੰਡ ਰੱਲਾ, ਭੁਪਾਲ ਅਤੇ ਅਤਲਾ ਕਲਾਂ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਖੇਤੀਬਾੜੀ ਮਸ਼ੀਨਰੀ ਦੇ ਕਰਵਾਏ ਗਏ ਟਰਾਇਲਾਂ ਦਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਬੈਂਬੀ ਨੇ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਕਿਸਾਨ ਨਵੀਆਂ ਆਧੁਨਿਕ ਤਕਨੀਕਾਂ ਨਾਲ ਜੁੜ ਕੇ ਵਾਤਾਵਰਣ ਦੇ ਹਿਤ ਵਿਚ ਰਹਿ ਕੇ ਖੇਤੀ ਦਾ ਧੰਦਾ ਕਰ ਰਹੇ ਹਨ। ਇੰਨ੍ਹਾਂ ਕਿਸਾਨਾਂ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਕਿਸਾਨਾਂ ਨੂੰ ਵੀ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਇਆਂ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ।
ਵਧੀਕ ਡਿਪਟੀ ਕਮਿਸਨਰ ਸ੍ਰੀ ਅਮਿਤ ਬੈਂਬੀ ਨੇ ਪਿੰਡ ਰੱਲਾ ਦੇ ਕਿਸਾਨ ਬੱਲਮ ਸਿੰਘ ਦੇ 6 ਏਕੜ ਰਕਬੇ ਵਿੱਚ ਬੇਲਰ ਰਾਹੀ ਪਰਾਲੀ ਦੇ ਕੀਤੇ ਜਾ ਰਹੇ ਪ੍ਰਬੰਧਨ ਦਾ ਜਾਇਜ਼ਾ ਲਿਆ ਅਤੇ ਪਿੰਡ ਦੇ ਮੋਹਤਬਰ ਅਤੇ ਅਗਾਂਹਵਧੂ ਕਿਸਾਨਾਂ ਨਾਲ ਪਰਾਲੀ ਦੀ ਸਾਂਭ ਸੰਭਾਲ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਪਿੰਡ ਭੁਪਾਲ ਦੇ ਸਫਲ ਕਿਸਾਨ ਖੁਸ਼ਵਿੰਦਰ ਸਿੰਘ ਵੱਲੋ ਸਰਫੇਸ ਸੀਡਰ ਨਾਲ ਬਿਨ੍ਹਾਂ ਅੱਗ ਲਗਾਏ 3 ਏਕੜ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਅਤੇ ਕਿਸਾਨ ਨਰਿੰਦਰ ਸਿੰਘ ਵੱਲੋ 18 ਏਕੜ ਵਿਚ ਮਲਚਰ ਅਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸਫਲ ਕਿਸਾਨਾਂ ਦਾ ਉਪਰਾਲਾ ਸ਼ਲਾਘਾਯੋਗ ਹੈ ਜੋ ਕਿ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਨਾਸ੍ਰੋਤ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ, ਬਲਾਕ ਖੇਤੀਬਾੜੀ ਅਫਸਰ, ਭੀਖੀ ਸ੍ਰੀ ਹਰਵਿੰਦਰ ਸਿੰਘ ਸਿੱਧੂ, ਸ੍ਰੀ ਜਰਮਨਜੋਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਸਰਕਲ ਅਲੀਸ਼ੇਰ ਕਲਾਂ), ਸ੍ਰੀ ਨਰਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਸਰਕਲ ਜੋਗਾ) ਅਤੇ ਸ੍ਰੀ ਦਿਲਪ੍ਰੀਤ ਸਿੰਘ ਬੇਲਦਾਰ ਹਾਜਰ ਸਨ।
