
ਮਾਨਸਾ, 23 ਜੂਨ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
ਭਾਰਤੀ ਵਿਲੱਖਣ ਪਹਿਚਾਣ ਸੇਵਾਵਾਂ ਅਥਾਰਟੀ ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਮਾਨਸਾ ਵਿਖੇ ਆਧਾਰ ਓਪਰੇਟਰਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਦੌਰਾਨ ਆਧਾਰ ਕਾਰਡ ਨੂੰ ਨਵਿਆਉਣ, ਸੋਧ ਕਰਨ, ਨਵਾਂ ਅਧਾਰ ਕਾਰਡ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਲੈਣ ਲਈ ਅਧਾਰ ਕਾਰਡ ਨੂੰ ਬੈਂਕ ਖਾਤੇ ਅਤੇ ਹੋਰ ਸੇਵਾਵਾਂ ਨਾਲ ਲਿੰਕ ਕਰਨ ਬਾਰੇ ਵੀ ਦੱਸਿਆ ਗਿਆ।
ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਇਹ ਸਿਖਲਾਈ ਵਰਕਸ਼ਾਪ ਕਰਮਚਾਰੀਆਂ ਦੀ ਮੁਹਾਰਤ ਲਈ ਬਹੁਤ ਫਾਇੰਦੇਮੰਦ ਸਾਬਤ ਹੋਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜ ਅਨੁਸਾਰ ਆਪੋ-ਆਪਣਾ ਅਧਾਰ ਕਾਰਡ ਅਪਡੇਟ ਕਰਵਾਉਣ ਅਤੇ ਵਿਸ਼ੇਸ਼ ਤੌਰ ’ਤੇ ਬੱਚਿਆਂ ਦੀ 5 ਸਾਲ ਅਤੇ 15 ਸਾਲ ਦੀ ਉਮਰ ਦੇ ਹੋਣ ’ਤੇ ਅਧਾਰ ਕਾਰਡ ਜਰੂਰ ਅਪਡੇਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਅਧਾਰ ਕਾਰਡ ਵਿੱਚ ਆਪਣੇ ਪਤੇ ਦਾ ਅਤੇ ਪਹਿਚਾਣ ਸਬੂਤ ਵੀ ਅਪਡੇਟ ਕਰਵਾਉਣ ਲਈ ਕਿਹਾ ਗਿਆ।
ਸਹਾਇਕ ਕਮਿਸ਼ਨਰ ਨੇ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਧਾਰ ਕਾਰਡ ਨੂੰ ਪਹਿਚਾਣ ਅਤੇ ਪਤੇ ਦੇ ਸਬੂਤ ਵਜੋਂ ਮਾਨਤਾ ਦੇਣ ਤੋਂ ਪਹਿਲਾਂ ਇਸਨੂੰ ਆਨਲਾਈਨ ਤਸਦੀਕ ਕਰਨਾ ਯਕੀਨੀ ਬਣਾਇਆ ਜਾਵੇ।
