ਚੰਡੀਗੜ, 24 ਫਰਵਰੀ(ਸਾਰਾ ਯਹਾ /ਮੁੱਖ ਸੰਪਾਦਕ) : ਆਧੁਨਿਕ ਤਕਨੀਕ ਰਾਹੀਂ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਤਹਿਤ ਸਾਧਾਰਨ ਕਮਰਿਆਂ ਨੂੰ ਸਮਾਰਟ ਕਲਾਸਰੂਮ ਬਣਾਇਆ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਹੁਣ ਪੰਜਾਬ ਸਰਕਾਰ ਵੱਲੋਂ 6,180 ਸਰਕਾਰੀ ਸਕੂਲਾਂ ਨੂੰ ਕਲਾਸਰੂਮਜ਼ ਲਈ ਐਲ.ਈ.ਡੀ. ਸਕਰੀਨਜ਼ ਖਰੀਦਣ ਲਈ 6 ਕਰੋੜ 79 ਲੱਖ 80 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਉਨਾਂ ਕਿਹਾ ਕਿ ਇਨਾਂ ’ਚ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੇ ਸਕੂਲ ਸ਼ਾਮਲ ਹਨ ਅਤੇ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਸਕਰੀਨਜ਼ ਖਰੀਦਣ ਲਈ ਫੰਡ ਜਾਰੀ ਕਰਨ ਦੇ ਨਾਲ-ਨਾਲ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪਾਠਕ੍ਰਮ ਦਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਈ-ਕੰਟੈਂਟ ਆਡੀਓ-ਵਿਜ਼ੂਅਲ ਤਕਨੀਕ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਖਾ ਕੇ ਚੰਗੀ ਤਰਾਂ ਦੁਹਰਾਈ ਕਰਵਾਉਣ ਅਤੇ ਔਖੀਆਂ ਧਾਰਨਾਵਾਂ ਸਮਝਾਉਣ ਲਈ ਸਹਾਈ ਸਿੱਧ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਇਨ੍ਹਾਂ ਸੁਧਾਰਾਂ ਸਦਕਾ ਸਕੂਲ ਸਿੱਖਿਆ ਦੇ ਖੇਤਰ ਵਿਚ ਮਿਆਰੀ ਸੁਧਾਰ ਹੋਇਆ ਹੈ ਜਿਸ ਸਦਕਾ ਜਿੱਥੇ ਨਤੀਜਿਆਂ ਦੇ ਮਾਮਲੇ ਵਿਚ ਸਰਕਾਰੀ ਸਕੂਲਾਂ ਨੇ ਪ੍ਰਾਇਵੇਟ ਸਕੂਲਾਂ ਨੂੰ ਪਿੱਛੇ ਛੱਡਿਅ ਹੈ, ਉੱਥੇ ਹੀ ਮਾਪਿਆਂ ਦਾ ਵਿਸ਼ਵਾਸ ਵੀ ਮੁੜ ਸਰਕਾਰੀ ਸਕੂਲਾਂ ਵਿਚ ਬੱਝਿਆ ਹੈ।ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜਾਰੀ ਹਦਾਇਤਾਂ ਅਨੁਸਾਰ ਐੱਲ.ਈ.ਡੀ. ਸਕਰੀਨਜ਼ ਲਈ ਪ੍ਰਤੀ ਸਕੂਲ 11 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ। ਐੱਲ.ਈ.ਡੀ. ਸਕਰੀਨਜ਼ ਖਰੀਦਣ ਲਈ ਸਕੂਲ ਪੱਧਰ ’ਤੇ ਸਕੂਲ ਮੈਨੇਜਮੈਂਟ ਕਮੇਟੀ ਮਤਾ ਪਾ ਕੇ ਨੱਥੀ ਸਪੈਸੀਫਿਕੇਸ਼ਨਾਂ ਅਤੇ ਵਿੱਤੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਡਿਜੀਟਲ ਸਕਰੀਨਜ਼ ਖਰੀਦਣ ਉਪਰੰਤ ਇਸ ਦੀ ਸੁਯੋਗ ਵਰਤੋਂ ਲਈ ਸਕਰੀਨ ਢੁੱਕਵੀਂ ਥਾਂ ’ਤੇ ਲਾਈ ਜਾਵੇ ਅਤੇ ਇਸਦੀ ਸਾਂਭ-ਸੰਭਾਲ ਲਈ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ।———