
ਅੱਜ ਟੈਕਨਾਲੋਜੀ ਦੇ ਇਸ ਯੁੱਗ ਵਿੱਚ ਹਰ ਕੋਈ ਕੰਪਿਊਟਰ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਕਰ ਰਿਹਾ ਹੈ।ਸਮਾਰਟਫੋਨ ਤਾਂ ਹਰ ਇੱਕ ਦੀ ਜਿੰਦਗੀ ਦਾ ਅੰਗ ਹੀ ਬਣ ਗਿਆ ਹੈ। ਹੁਣ ਸਿਰਫ਼ ਗੱਲਬਾਤ ਹੀ ਨਹੀਂ ਬਲਕਿ ਵੀਡੀਓ ਗੱਲਬਾਤ , ਈ-ਮੇਲ ਸੁਨੇਹਾ ਭੇਜਣ, ਈ-ਬੈਕਿੰਗ ਲੈਣ-ਦੇਣ, ਸੋਸ਼ਲ ਮੀਡੀਆ ‘ਤੇ ਜੁੜਨ ਆਦਿ ਕਾਰਜਾਂ ਲਈ ਕੰਪਿਊਟਰ ਦੇ ਨਾਲ ਨਾਲ ਸਮਾਰਟ ਫੋਨ ਦੀ ਵਰਤੋਂ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜਿੱਥੇ ਇਨ੍ਹਾਂ ਉਪਕਰਨਾਂ ਦੀ ਵਰਤੋਂ ਵਧੀ ਹੈ ਉਥੇ ਇਨ੍ਹਾਂ ਨਾਲ ਸਬੰਧਤ ਚੋਰੀਆਂ, ਠੱਗੀਆਂ ਅਤੇ ਧੋਖਾਧੜੀਆਂ ਨੇ ਵੀ ਜਨਮ ਲਿਆ ਹੈ। ਜਿਨ੍ਹਾਂ ਨੂੰ ਸਾਇਬਰ ਅਪਰਾਧ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਏ ਦਿਨ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਪੜਨ-ਸੁਣਨ ਨੂੰ ਮਿਲਦੀਆਂ ਹਨ। ਲਾਕਡਾਉਨ ਦੌਰਾਨ ਇਨ੍ਹਾਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਭਾਰਤ ਦੇ ਚੀਨ ਨਾਲ ਛਿੜੇ ਤਤਕਾਲੀ ਤਣਾਅ ਤੋਂ ਬਾਅਦ ਚੀਨੀ ਹੈਕਰਾਂ ਵੱਲੋਂ ਭਾਰਤ ਵਿੱਚ ਸਾਇਬਰ ਅਟੈਕ ਦੀਆਂ ਖਬਰਾਂ ਆ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਾਇਬਰ ਅਟੈਕ ਦੇ ਮਾਮਲੇ ਸੁਣਨ ਨੂੰ ਮਿਲੇ ਹਨ। ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਫਿਰ ਵੀ ਸਾਨੂੰ ਚੌਕੰਨੇ ਜਰੂਰ ਹੋ ਜਾਣਾ ਚਾਹੀਦਾ ਹੈ। ਸਾਡੇ ਵਿੱਚੋਂ ਬਹੁਤੇ ਕੰਪਿਊਟਰ ਅਤੇ ਸਮਾਰਟ ਫੋਨ ਵਰਤੋਂਕਾਰ ਨਿਸਚਿਤ ਤੌਰ ਤੇ ਇਸ ਤੋਂ ਅਣਜਾਣ ਹੋਣਗੇ। ਇਸ ਲਈ ਸਾਨੂੰ ਇਹ ਜਾਣਕਾਰੀ ਹੋਣਾ ਜਰੂਰੀ ਹੈ ਕਿ ਆਖਿਰ ਹੈਕਰ ਸਾਡੇ ਕੰਪਿਊਟਰ ਜਾਂ ਸਮਾਰਟ ਫੋਨ ਨੂੰ ਕਿਵੇਂ ਹੈਕ ਕਰ ਲੈਂਦੇ ਹਨ ਅਤੇ ਸਾਇਬਰ ਅਟੈਕ ਕਿਵੇਂ ਕਰਦੇ ਹਨ। ਸਾਧਾਰਨ ਭਾਸ਼ਾ ਵਿੱਚ ਜਿਵੇਂ ਮੱਛੀ ਨੂੰ ਫੜਨ ਲਈ ਜਾਲ ਜਾਂ ਕੁੰਡੀ ਤੇ ਮੱਛੀ ਦੀ ਮਨਪਸੰਦ ਚੀਜ਼ ਲਗਾਈ ਜਾਂਦੀ ਹੈ ਜਿਸ ਨਾਲ ਮੱਛੀ ਆਪਣੇ-ਆਪ ਉਸ ਜਾਲ ਵੱਲ ਖਿੱਚੀ ਆਉਂਦੀ ਹੈ ਅਤੇ ਜਾਲ ਵਿੱਚ ਫਸ ਜਾਂਦੀ ਹੈ। ਬਿਲਕੁਲ ਉਸੇ ਤਕਨੀਕ ਦੀ ਵਰਤੋਂ ਇਹਨਾਂ ਹੈਕਰਾਂ ਵੱਲੋਂ ਉਪਕਰਨਾਂ ਨੂੰ ਹੈਕ ਕਰਨ ਲਈ ਕੀਤੀ ਜਾਂਦੀ ਹੈ। ਇੱਥੇ ਹੈਕਰ ਵਰਤੋਂਕਾਰਾਂ ਦੇ ਸਾਹਮਣੇ ਚਾਰੇ ਦੇ ਰੂਪ ਵਿੱਚ ਕੁਝ ਲੁਭਾਵਣੀਆਂ ਚੀਜ਼ਾਂ ਦੀ ਨੁਮਾਇਸ਼ ਕਰਦਾ ਹੈ ਤਾਂ ਜੋ ਉਹ ਛੇਤੀ ਨਾਲ ਆਕਰਸ਼ਿਤ ਹੋ ਜਾਣ । ਜਿਵੇਂ ਉਹ ਕੁਝ ਆਕਰਸ਼ਕ ਆਫਰ ਰੱਖਦਾ ਹੈ ਜਾਂ ਉਹ ਮੈਸੇਜ ਭੇਜਦਾ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਬੈਂਕ ਤੋਂ ਤੁਹਾਨੂੰ ਇਨਾ ਕੈਸਬੈਕ ਮਿਲ

ਰਿਹਾ ਹੈ ਜਾਂ ਤੁਸੀਂ ਇੰਨੇ ਲੱਖ ਰੁਪਏ ਜਾਂ ਡਾਲਰ ਜਿੱਤ ਲਏ ਹਨ। ਜਿਸ ਨੂੰ ਕਲੇਮ ਕਰਨ ਲਈ ਇਸ ਲਿੰਕ ਤੇ ਕਲਿਕ ਕਰੋ ਜਾਂ ਇਹ ਅੈਪ ਡਾਉਨਲੋਡ ਕਰੋ। ਮੈਸੇਜ ਜਾਂ ਈ-ਮੇਲ ਇਸ ਤਰ੍ਹਾਂ ਤਿਆਰ ਕੀਤੀ ਗਈ ਹੁੰਦੀ ਹੈ ਕਿ ਉਹ ਕਿਸੇ ਅਸਲੀ ਬੈਂਕ ਜਾਂ ਦਫ਼ਤਰ ਵਲੋਂ ਭੇਜੀ ਗਈ ਹੋਵੇ। ਕੋਈ ਵੀ ਵਿਅਕਤੀ ਉਸ ਨੂੰ ਪੜ੍ਹ ਕੇ ਫਟਾਫਟ ਉਸ ਲਿੰਕ ਨੂੰ ਖੋਲਦਾ ਹੈ ਜਾਂ ਅੈਪ ਡਾਉਨਲੋਡ ਕਰ ਕੇ ਹਰ ਤਰਾਂ ਦੀ ਪਰਮੀਸ਼ਨ ਅਲਾਓ ਕਰ ਦਿੰਦਾ ਹੈ, ਜਿਵੇਂ ਕਾਲ, ਮੈਸਜ, ਲੋਕੇਸ਼ਨ, ਕੈਮਰਾ, ਸਟੋਰੇਜ ਅਨੁਮਤੀ ਆਦਿ । ਕਈ ਲੋਕ ਪੇਡ ਐਪਲੀਕੇਸ਼ਨ/ਸਾਫਟਵੇਅਰ ਨੂੰ ਮੁਫ਼ਤ ਵਿੱਚ ਇਸਤੇਮਾਲ ਕਰਨ ਲਈ ਥਰਡ ਪਾਰਟੀ ਐਪਲੀਕੇਸ਼ਨ ਜਾਂ ਕਰੈਕ ਸਾਫਟਵੇਅਰ ਡਾਊਨਲੋਡ ਕਰ ਲੈਂਦੇ ਹਨ ਜੋ ਕਿ ਭਰੋਸੇਯੋਗ ਨਹੀਂ ਹੁੰਦੇ। ਜਦੋਂ ਅਸੀਂ ਇਨ੍ਹਾਂ ਐਪਸ ਜਾਂ ਸਾਫਟਵੇਅਰਾਂ ਨੂੰ ਹਰ ਤਰ੍ਹਾਂ ਦੀਆਂ ਬਹੁਤ ਸਾਰੀਆਂ ਅਨੁਮਤੀਆਂ ਦੇ ਦਿੰਦੇ ਹਾਂ ਤਾਂ ਸਾਡਾ ਸਮਾਰਟ ਫੋਨ ਜਾਂ ਕੰਪਿਊਟਰ ਹੈਕ ਹੋ ਜਾਂਦਾ ਹੈ ਭਾਵ ਉਸ ਦਾ ਹਰ ਤਰ੍ਹਾਂ ਦਾ ਕੰਟਰੋਲ ਹੈਕਰ ਦੇ ਹੱਥ ਵਿੱਚ ਆ ਜਾਂਦਾ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਇਸ ਤਰ੍ਹਾਂ ਦੀਆਂ ਅੈਪਸ ਨੂੰ ਸਪਾਈਵੇਅਰ ਐਪਸ ਜਾਂ ਸਪਾਈ ਸਾਫਟਵੇਅਰ ਕਿਹਾ ਜਾਂਦਾ ਹੈ ਅਤੇ ਈ-ਮੇਲ ਮੈਸਜ ਦੁਆਰਾ ਭੇਜੇ ਜਾਂਦੇ ਲਿੰਕ ਨੂੰ ਸਪੈਮ ਕਿਹਾ ਜਾਂਦਾ ਹੈ। ਇੱਕ ਵਾਰ ਜੇਕਰ ਹੈਕਰ ਕਿਸੇ ਵੀ ਤਰੀਕੇ ਨਾਲ ਤੁਹਾਡੇ ਫੋਨ ਜਾਂ ਕੰਪਿਊਟਰ ਵਿੱਚ ਇਹ ਸਪਾਈਵੇਅਰ ਇੰਸਟਾਲ ਕਰਨ ਵਿੱਚ ਕਾਮਯਾਬ ਹੋ ਗਿਆ ਤਾਂ ਉਹ ਇੰਟਰਨੈੱਟ ਦੀ ਮਦਦ ਨਾਲ ਘਰ ਬੈਠਾ ਤੁਹਾਡੇ ਫੋਨ ਨੂੰ ਰਿਮੋਟਲੀ ਨਿਯੰਤਰਿਤ ਕਰ ਸਕਦਾ ਹੈ। ਉਹ ਤੁਹਾਡੇ ਫੋਨ ਤੋਂ ਕਾਲ ਕਰ ਸਕਦਾ ਹੈ, ਤੁਹਾਡੀ ਕਾਲ ਰਿਕਾਰਡ/ਸੁਣ ਸਕਦਾ ਹੈ, ਤੁਹਾਡੇ ਮੈਸਜ/ਈ-ਮੇਲ ਪੜ੍ਹ ਸਕਦਾ ਹੈ , ਕਿਸੇ ਨੂੰ ਵੀ ਭੇਜ ਸਕਦਾ ਹੈ , ਕੈਮਰਾ ਵਰਤ ਸਕਦਾ ਹੈ। ਕਈ ਪ੍ਰਸਥਿਤੀਆਂ ਵਿੱਚ ਤੁਹਾਨੂੰ ਇਸ ਵਰਤਾਰੇ ਦੀ ਭਿਣਕ ਵੀ ਨਹੀਂ ਲੱਗੇਗੀ। ਹੁਣ ਇੱਥੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੇਕਰ ਹੈਕਰ ਨੇ ਤੁਹਾਡੇ ਕੰਪਿਊਟਰ ਜਾਂ ਸਮਾਰਟ ਫੋਨ ਦਾ ਕੰਟਰੋਲ ਹਾਸਲ ਕਰਨਾ ਹੈ ਤਾਂ ਉਸ ਨੂੰ ਤੁਹਾਡੇ ਉਪਕਰਨਾਂ ਵਿੱਚ ਕੋਈ ਸਪਾਈਵੇਅਰ ਸਾਫਟਵੇਅਰ ਇੰਸਟਾਲ ਕਰਨਾ ਲਾਜ਼ਮੀ ਹੈ ਇਸ ਤੋਂ ਬਿਨਾਂ ਉਸ ਵੱਲੋਂ ਅਜਿਹਾ ਕਰਨਾ ਸੰਭਵ ਨਹੀਂ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਅਸੀਂ ਆਪਣੇ ਸਮਾਰਟ ਫੋਨ ਜਾਂ ਕੰਪਿਊਟਰ ਨੂੰ ਹੈਕ ਹੋਣ ਤੋਂ ਕਿਵੇਂ ਬਚਾਅ ਸਕਦੇ ਹਾਂ? ਇਸਦਾ ਜਵਾਬ ਉਪਰੋਕਤ ਚਰਚਾ ਦੇ ਵਿੱਚ ਹੀ ਛੁਪਿਆ ਹੋਇਆ ਹੈ। ਬਸ ਹੈਕਰ ਆਪਣੇ ਜਾਲ ਵਿੱਚ ਫਸਾਉਣ ਲਈ ਜੋ ਜੋ ਕਦਮ ਚੁੱਕਦਾ ਹੈ ਉਨ੍ਹਾਂ ਤੋਂ ਸਾਨੂੰ ਸਾਵਧਾਨ ਰਹਿਣਾ ਹੈ ਜਿਵੇਂ ਕਿ ਕਿਸੇ ਵੀ ਤਰ੍ਹਾਂ ਦੇ ਮੋਡੀਫਾਈਡ ਜਾਂ ਥਰਡ ਪਾਰਟੀ ਐਪਲੀਕੇਸ਼ਨ ਜਾਂ ਕਰੈਕ ਸਾਫਟਵੇਅਰ ਨੂੰ ਡਾਉਨਲੋਡ ਨਹੀਂ ਕਰਨਾ ਚਾਹੀਦਾ।

ਜੇਕਰ ਤੁਹਾਨੂੰ ਅਜਿਹਾ ਮੈਸਜ ਜਾਂ ਈ-ਮੇਲ ਆਵੇ ਜਿਸ ਵਿੱਚ ਕੋਈ ਲਾਲਚ ਦਿੱਤਾ ਗਿਆ ਹੋਵੇ ਕਿ ਤੁਸੀਂ ਏਨੇ ਪੈਸੇ ਜਿੱਤ ਗਏ ਹੋ ਉਸ ਨੂੰ ਕਲੇਮ ਕਰਨ ਲਈ ਲਿੰਕ ਨੂੰ ਕਲਿਕ ਕਰੋ ਜਾਂ ਬੈਂਕ ਸਬੰਧੀ ਜਾਣਕਾਰੀ ਦਿਓ ਅਜਿਹਾ ਕਰਨ ਦੀ ਗਲਤੀ ਕਦੇ ਵੀ ਨਾ ਕਰੋ। ਇਸ ਦੇ ਨਾਲ ਹੀ ਜਦੋਂ ਅਸੀਂ ਆਪਣੇ ਸਮਾਰਟ ਫੋਨ ਵਿਚ ਕੋਈ ਐਪ ਪਲੇਅ ਸਟੋਰ ਜਾਂ ਐਪ ਸਟੋਰ ਤੋਂ ਡਾਉਨਲੋਡ ਕਰ ਕੇ ਇੰਸਟਾਲ ਕਰਦੇ ਹਾਂ ਤਾਂ ਉਹ ਕਈ ਕਿਸਮ ਦੀਆਂ ਅਨੁਮਤੀਆਂ ਦੀ ਮੰਗ ਕਰਦੀ ਹੈ ਅਸੀਂ ਬਿਨਾਂ ਪੜ੍ਹੇ ਸਾਰੀਆਂ ਅਨੁਮਤੀਆਂ ਦੀ ਆਗਿਆ ਦੇ ਦਿੰਦੇ ਹਾਂ। ਅਜਿਹਾ ਕਰਨਾ ਬਹੁਤ ਭਾਰੀ ਪੈ ਸਕਦਾ ਹੈ ਇਸ ਨਾਲ ਆਪਣੇ ਫੋਨ ਵਿਚਲੀ ਜਾਣਕਾਰੀ ਚੋਰੀ ਹੋ ਸਕਦੀ ਹੈ ਅਤੇ ਫੋਨ ਹੈਕ ਹੋ ਸਕਦਾ ਹੈ। ਹਮੇਸ਼ਾ ਚੰਗੀ ਤਰ੍ਹਾਂ ਪੜ੍ਹਕੇ ਹੀ ਪਰਮੀਸ਼ਨ ਦੇਣੀ ਚਾਹੀਦੀ ਹੈ। ਖਾਸ ਕਰ ਥਰਡ ਪਾਰਟੀ ਐਪਸ ਜਾਂ ਮੋਡੀਫਾਈਡ ਐਪਸ ਨੂੰ ਬਿਨਾਂ ਲੋੜੀਂਦੀਆਂ ਪਰਮੀਸ਼ਨਜ ਨਹੀਂ ਦੇਣੀਆਂ ਚਾਹੀਦੀਆਂ ਅਤੇ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ।

ਹੈਕਰ ਤੁਹਾਡੇ ਉਪਕਰਨਾਂ ਨੂੰ ਹੈਕ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਜਿਵੇਂ ਕਾਲ ਡਿਟੇਲ, ਮੈਸਜ, ਪਰਸਨਲ ਫੋਟੋਆਂ, ਈ-ਮੇਲ, ਬੈਂਕ ਜਾਣਕਾਰੀ, ਪਾਸਵਰਡ ਆਦਿ ਡਾਟਾ ਚੁਰਾ ਕੇ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦਾ ਹੈ ਜਾਂ ਤੁਹਾਨੂੰ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚ ਪਾ ਸਕਦਾ ਹੈ। ਇਸ ਤਰ੍ਹਾਂ ਦੇ ਸਾਇਬਰ ਅਟੈਕ ਤੋਂ ਬਚਣ ਲਈ ਹਮੇਸ਼ਾ ਸੁਚੇਤ ਅਤੇ ਚੌਕੰਨਾ ਰਹਿਣਾ ਚਾਹੀਦਾ ਹੈ। ਜਦੋਂ ਵੀ ਕੋਈ ਅੈਪਲੀਕੇਸ਼ਨ ਜਾਂ ਸਾਫਟਵੇਅਰ ਡਾਊਨਲੋਡ ਕਰਨਾ ਹੋਵੇ ਤਾਂ ਭਰੋਸੇਯੋਗ ਵੈਬਸਾਈਟ ਜਾਂ ਅੈਪ ਸਟੋਰ ਤੋਂ ਹੀ ਡਾਉਨਲੋਡ ਕਰਨੀ ਚਾਹੀਦੀ ਹੈ , ਥਰਡ ਪਾਰਟੀ ਐਪਲੀਕੇਸ਼ਨਾ ਜਾਂ ਕਰੈਕ ਸਾਫਟਵੇਅਰਾਂ ਨੂੰ ਇੰਸਟਾਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਫਾਲਤੂ ਦੇ ਲਾਲਚਨੁਮਾ ਲਿੰਕਾਂ ਨੂੰ ਕਦੇ ਨਹੀਂ ਖੋਲਣਾ ਚਾਹੀਦਾ।

