ਆਖਿਰਕਾਰ ਕੈਟਲ ਸ਼ੈਡ ਵਾਲੀ ਥਾਂ ਤੇ ਉਸਾਰੀ ਦੇ ਕੰਮ ‘ਚ ਕਿਉਂ ਹੋ ਰਹੀ ਹੈ ਦੇਰੀ ?

0
48

ਬਰੇਟਾ 27 ,ਮਾਰਚ (ਸਾਰਾ ਯਹਾਂ /ਰੀਤਵਾਲ): ਪਿਛਲੇ ਕਈ ਮਹੀਨਿਆਂ ਤੋਂ ਮਾਰਕੀਟ ਕਮੇਟੀ ਵੱਲੋਂ ਕ੍ਰਿਸ਼ਨਾਂ ਮੰਦਰ ਨਜ਼ਦੀਕ ਬਣੇ
ਕੈਟਲ ਸ਼ੈਡ ਦੀ ਇਮਾਰਤ ਦੀ ਢਾਅ ਢੁਆਈ ਕਰਵਾਉਣ ਉਪਰੰਤ ਇਸਦੀ ਨਵੇਂ ਸਿਰੇ ਤੋਂ ਕਰਾਈ ਜਾਣ
ਵਾਲੀ ਉਸਾਰੀ ਦੇ ਕੰਮ ‘ਚ ਹੋ ਰਹੀ ਦੇਰੀ ਨੂੰ ਲੈ ਕੇ ਲੋਕਾਂ ਨੂੰ ਇਸ ਗੱਲ ਦਾ ਡਰ ਸਤਾਉਣ ਲੱਗਾ ਹੈ
ਕਿ ਕਿਧਰੇ ਇਸ ਬੇਸ਼ਕੀਮਤੀ ਜਗਾਂ ਤੇ ਧਰਮ ਦੀ ਆੜ ‘ਚ ਕਬਜਾ ਹੀਂ ਨਾ ਹੋ ਜਾਵੇ ਜਾਂ ਫਿਰ ਕਿਧਰੇ ਇਸ ਥਾਂ
ਨੂੰ ਵੇਚ ਵਟ ਹੀ ਨਾ ਦਿੱਤਾ ਜਾਵੇ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਦੇ
ਚੇਅਰਮੈਨ ਵੱਲੋਂ ਇਸ ਥਾਂ ਤੇ ਅਨੇਕਾਂ ਵਾਰ ਅਲੀਸ਼ਾਨ ਇਮਾਰਤ ਬਣਾਉਣ ਦੀਆਂ ਕਹੀਆਂ ਗਈਆਂ
ਗੱਲਾਂ ਵੀ ਹਾਲੇ ਤੱਕ ਸੱਚ ਸਾਬਿਤ ਨਹੀਂ ਹੋ ਸਕੀਆਂ ਹਨ । ਇਸ ਸਬੰਧੀ ਅਪਨਾ ਕਲੱਬ ਦੇ ਮੈਂਬਰਾਂ ਦਾ
ਕਹਿਣਾ ਹੈ ਕਿ ਇਸ ਮੰਡੀ ‘ਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਲੋੜਦੀਆਂ ਸਹੂਲਤਾਂ ਦੇ ਲਈ
ਆਵਾਜ਼ ਬੁਲੰਦ ਕਰ ਸਕਣ । ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਅਜਿਹੇ ਵਸਨੀਕਾਂ ਦੀ ਗਿਣਤੀ ਵੀ ਵਧੇਰੇ ਹੈ ਜੋ
ਆਪਣੇ ਹੱਕਾਂ ਦੇ ਲਈ ਵੀ ਸੰਘਰਸ਼ ਕਰਨ ਤੋਂ ਕੰਨੀਂ ਕਤਰਾਅ ਜਾਂਦੇ ਹਨ ਅਤੇ ਆਵਾਜ਼ ਬੁਲੰਦ ਕਰ
ਰਹੇ ਲੋਕਾਂ ਦਾ ਸਾਥ ਦੇਣ ਦੀ ਬਜਾਏ ਪ੍ਰਸ਼ਾਸਨ ਦੀ ਹਾਂ ‘ਚ ਹਾਂ ਮਿਲਾ ਦਿੰਦੇ ਹਨ । ਉਨ੍ਹਾਂ ਕਿਹਾ ਕਿ
ਜੇਕਰ ਇਸ ਥਾਂ ਤੇ ਉਸਾਰੀ ਦੇ ਕਾਰਜ ਨੂੰ ਸ਼ੁਰੂ ਕਰਵਾਉਣ ਦੇ ਲਈ ਸਭ ਨੇ ਹੰਬਲਾ ਮਾਰਿਆ
ਹੁੰਦਾ ਤਾਂ ਹੁਣ ਨੂੰ ਇਸ ਥਾਂ ਤੇ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਕੇ ਨਪੇਰੇ ਵੀ
ਚੜ੍ਹ ਜਾਣਿਆ ਸੀ । ਦੂਜੇ ਪਾਸੇ ਆਮ ਲੋਕਾਂ ਦੀ ਮੰਗ ਹੈ ਕਿ ਇਸ ਥਾਂ ਤੇ ਪਹਿਲਾਂ ਵਾਂਗ ਯਾਤਰੀਆਂ
ਦੀ ਸਹੂਲਤ ਦੇ ਲਈ ਵਧੀਆਂ ਇਮਾਰਤ ਬਣਾਈ ਜਾਵੇ ਅਤੇ ਜਲਦ ਤੋਂ ਜਲਦ ਇਸ ਥਾਂ ਤੇ ਉਸਾਰੀ ਦੇ
ਨਿਰਮਾਣ ਦੀ ਸ਼ੁਰੂਆਤ ਕਰਵਾਈ ਜਾਵੇ । ਜਦ ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਗਿਆਨ ਚੰਦ
ਸਿੰਗਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਹਰ ਵਾਰ ਦੀ ਤਰਾਂ੍ਹ ਇਸ ਵਾਰ ਵੀ ਇੱਕੋਂ ਗੱਲ ਕਹਿ ਕੇ ਪੱਲਾ
ਛੁਡਵਾ ਲਿਆ ਕਿ ਬਹੁਤ ਜਲਦ ਹੀ ਇਸ ਜਗਾਂ ਤੇ ਉਸਾਰੀ ਦਾ ਕੰਮ ਸ਼ੁਰੂ ਕਰਵਾਕੇ ਅਲੀਸ਼ਾਨ ਇਮਾਰਤ
ਬਣਾਈ ਜਾ ਰਹੀ ਹੈ । ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਵਾਰ ਚੇਅਰਮੈਨ ਸਾਹਿਬ ਦੀਆਂ ਕਹੀਆਂ
ਗੱਲਾਂ ‘ਚ ਕਿੰਨੀ ਕੁ ਸੱਚਾਈ ਹੋਵੇਗੀ ਜਾਂ ਫਿਰ ਹਰ ਵਾਰ ਦੀ ਤਰਾਂ੍ਹ ਇਸ ਵਾਰ ਵੀ ਇਹ ਗੱਲਾਂ ਲਾਰਿਆਂ ਤੱਕ
ਹੀ ਸੀਮਿਤ ਹੋ ਕੇ ਰਹਿ ਜਾਣਗੀਆਂ ।

NO COMMENTS