
ਚੰਡੀਗੜ੍ਹ 04,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਕਾਂਗਰਸ ਹਾਈਕਮਾਨ ਨੂੰ ਪੂਰਾ ਭਰੋਸਾ ਹੈ ਕਿ ਅਗਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੱਕ ਜਾਏਗਾ। ਹੁਣ ਇਸ ਕਲੇਸ਼ ਨੂੰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਨਿਬੇੜਣਗੇ। ਸੂਤਰਾਂ ਦੀ ਮੰਨੀਏ ਤਾਂ ਉਹ ਆਪਣੇ ਮੁੱਖ ਵਿਰੋਧੀ ਨਵਜੋਤ ਸਿੱਧੂ ਨੂੰ ਸਰਕਾਰ ਜਾਂ ਪਾਰਟੀ ਅੰਦਰ ਵੱਡੇ ਜ਼ਿੰਮੇਵਾਰੀ ਦੇਣ ਲਈ ਸਹਿਮਤ ਹੋ ਗਏ ਹਨ। ਇਸ ਦਾ ਐਲਾਨ ਅਗਲੇ ਹਫਤੇ ਹੋ ਸਕਦਾ ਹੈ।
ਦਰਅਸਲ ਲੰਚ ਡਿਪਲੋਮੇਸੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀ ਸੂਬਾ ਇਕਾਈ ਵਿੱਚ ਚੱਲ ਰਹੇ ਸੰਕਟ ਦੇ ਹੱਲ ਲਈ ਅਗਲੇ ਹਫਤੇ ਦਿੱਲੀ ਵਿੱਚ ਕਾਂਗਰਸ ਹਾਈ ਕਮਾਂਡ ਨਾਲ ਮੁਲਾਕਾਤ ਕਰਨ ਦੀ ਤਿਆਰੀ ਕਰ ਰਹੇ ਹਨ। ਕੈਪਟਨ ਹੁਣ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਚੋਣਾਂ ਲਈ ਪ੍ਰਚਾਰ ਮੁਹਿੰਮਾਂ ਸੰਭਾਲਣ ਵਾਲੀ ਕਮੇਟੀ ਦਾ ਮੁਖੀ ਬਣਾਉਣ ਲਈ ਸਹਿਮਤ ਹੋ ਗਏ ਹਨ। ਇਸ ਕਰਕੇ ਸਿੱਧੂ ਦੇ ਤੇਵਰ ਵੀ ਹੁਣ ਨਰਮ ਪੈਂਦੇ ਵਿਖਾਈ ਦੇ ਰਹੇ ਹਨ।
ਉਂਝ ਹਾਈਕਮਾਨ ਨੇ ਪੰਜਾਬ ਲਈ ਫਾਰਮੂਲਾ ਤਿਆਰ ਕਰ ਲਿਆ ਪਰ ਕੈਪਟਨ ਨੂੰ ਭਰੋਸੇ ਵਿੱਚ ਲੈਣ ਤੋਂ ਬਾਅਦ ਹੀ ਅੰਤਮ ਫੈਸਲਾ ਲਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਲਈ ਪ੍ਰਮੁੱਖ ਹਿੰਦੂ ਨੇਤਾ ਤੇ ਪੰਜਾਬ ਸਰਕਾਰ ਵਿੱਚ ਇੱਕ ਮੰਤਰੀ, ਇੱਕ ਸਾਬਕਾ ਕੇਂਦਰੀ ਮੰਤਰੀ ਤੇ ਇੱਕ ਸੰਸਦ ਮੈਂਬਰ ਪੰਜਾਬ ਕਾਂਗਰਸ ਦੇ ਮੁਖੀ ਲਈ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਹਿਮ ਕਮੇਟੀਆਂ ਨੂੰ ਅੰਤਮ ਰੂਪ ਦਿੱਤਾ ਜਾਣਾ ਹੈ।
ਸੂਤਰਾਂ ਮੁਤਾਬਕ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਵਿੱਚ, ਕੈਪਟਨ ਤੇ ਚੋਟੀ ਦੀ ਲੀਡਰਸ਼ਿਪ ਦਰਮਿਆਨ ਸੂਬਾ ਇਕਾਈ ਵਿੱਚ ਨਵਜੋਤ ਸਿੱਧੂ ਨੂੰ ਐਡਜਸਟ ਕਰਨ ਤੇ ਪਾਰਟੀ ਦੇ ਸੰਕਟ ਨੂੰ ਖਤਮ ਕਰਨ ਦੇ ਫਾਰਮੂਲੇ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਭਾਵੇਂ ਬੈਠਕ ਦੀ ਆਖਰੀ ਤਰੀਕ ਬਾਰੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ।
ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੇ ਮੌਜੂਦਾ ਮੁਖੀ ਸੁਨੀਲ ਜਾਖੜ ਨੂੰ ਬਦਲਣਾ ਤੈਅ ਹੈ। ਕਪਤਾਨ ਨੇ ਦੁਪਹਿਰ ਦੇ ਖਾਣੇ ਦੀ ਕੂਟਨੀਤੀ (ਲੰਚ ਡਿਪਲੋਮੇਸੀ) ਰਾਹੀਂ ਖੁੱਲ੍ਹ ਕੇ ਆਪਣੇ ਪੱਤੇ ਫੈਂਟਦਿਆਂ ਸੰਕੇਤ ਦਿੱਤਾ ਸੀ ਕਿ ਇੱਕ ਹਿੰਦੂ ਨੇਤਾ ਨੂੰ ਰਾਜ ਵਿੱਚ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ। ਕੈਪਟਨ ਤੇ ਹਾਈਕਮਾਂਡ ਦੀ ਮੁਲਾਕਾਤ ਤੋਂ ਬਾਅਦ ਹਾਲਾਤ ਸਪੱਸ਼ਟ ਹੋ ਜਾਣਗੇ।
ਸੀਨੀਅਰ ਕਾਂਗਰਸੀ ਲੀਡਰਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਦਾ ਸੰਕਟ ਸਿੱਧੂ ਬਨਾਮ ਕੈਪਟਨ ਨਹੀਂ। ਬਹੁਤੇ ਵਿਧਾਇਕ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਖੁਸ਼ ਨਹੀਂ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵੋਟਾਂ ਪੈਣੀਆਂ ਹਨ ਤੇ ਪਾਰਟੀ ਲਈ ਅੰਦਰੂਨੀ ਸੰਕਟ ਚੁਣੌਤੀ ਬਣ ਗਿਆ ਹੈ। ਵਿਧਾਨ ਸਭਾ ਚੋਣਾਂ ਨੂੰ ਹਾਲੇ ਕੁਝ ਮਹੀਨੇ ਬਾਕੀ ਹਨ।
ਪਾਰਟੀ ਰਾਜ ਵਿੱਚ ਲੀਡਰਸ਼ਿਪ ਬਦਲਣ ਜਿਹਾ ਸਖਤ ਕਦਮ ਚੁੱਕਣ ਦੀ ਹਾਲਤ ਵਿਚ ਨਹੀਂ। ਹਾਈ ਕਮਾਂਡ ਨੇ ਸੰਕਟ ਦੇ ਹੱਲ ਲਈ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਸੀ, ਜਿਸ ਨੇ ਆਪਣੀ ਰਿਪੋਰਟ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੀ ਹੈ। ਕਪਤਾਨ ਨੂੰ ਕੰਮ ਕਰਨ ਲਈ 18 ਸੂਤਰੀ ਏਜੰਡਾ ਦਿੱਤਾ ਗਿਆ ਹੈ।
ਇਸ ਦੌਰਾਨ ਮੰਤਰੀ ਮੰਡਲ ਵਿੱਚ ਸੰਭਾਵੀ ਫੇਰ-ਬਦਲ ਨਾਲ ਹੋਰਨਾਂ ਨੇਤਾਵਾਂ ਨੂੰ ਵੀ ਜਗ੍ਹਾ ਦਿੱਤੀ ਜਾਵੇਗੀ। ਸੀਨੀਅਰ ਆਗੂ ਨੇ ਕਿਹਾ ਕਿ ਇਕ ਆਮ ਸ਼੍ਰੇਣੀ ਦੇ ਉਪ ਮੁੱਖ ਮੰਤਰੀ ਦੇ ਨਾਲ-ਨਾਲ ਦਲਿਤ ਉਪ ਮੁੱਖ ਮੰਤਰੀ ਦੀ ਨਿਯੁਕਤੀ ਦਾ ਫਾਰਮੂਲਾ ਵੀ ਵਿਚਾਰ ਅਧੀਨ ਹੈ।
ਹਫਤੇ ਦੇ ਸ਼ੁਰੂ ਵਿੱਚ, ਨਵਜੋਤ ਸਿੱਧੂ ਨੇ ਨਵੀਂ ਦਿੱਲੀ ਵਿੱਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਪੇਸ਼ ਕੀਤਾ ਸੀ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਹੋਰ ਸੀਨੀਅਰ ਆਗੂ ਵੀ ਦਿੱਲੀ ਪਹੁੰਚੇ ਸਨ ਤੇ ਰਾਹੁਲ ਗਾਂਧੀ ਨਾਲ ਚਾਰ ਦਿਨਾਂ ਤੱਕ ਮੈਰਾਥਨ ਮੀਟਿੰਗਾਂ ਕੀਤੀਆਂ ਸਨ
