ਚੰਡੀਗੜ੍ਹ 26,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼)ਕਾਂਗਰਸ ਲਈ ਹੁਣ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਮਨਾਉਣਾ ਸਿਰਦਰਦ ਬਣਿਆ ਹੋਇਆ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀਰਵਾਰ ਨੂੰ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ ਪਰ ਇਸ ਦੌਰਾਨ ਗੱਲ ਕਿਸੇ ਤਣ-ਪੱਤਣ ਲੱਗੀ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਹੋਈ। ਸੂਤਰਾਂ ਮੁਤਾਬਕ ਹਰੀਸ਼ ਚੌਧਰੀ ਨੇ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦੀ ਅਗਵਾਈ ਸੌਂਪੇ ਜਾਣ ਦੀ ਪੇਸ਼ਕਸ਼ ਕੀਤੀ। ਕਾਂਗਰਸ ਹਾਈਕਮਾਨ ਦਾ ਮੰਨਣਾ ਹੈ ਕਿ ‘ਮਿਸ਼ਨ ਪੰਜਾਬ’ ਫ਼ਤਿਹ ਕਰਨ ਲਈ ਸੁਨੀਲ ਜਾਖੜ ਨੂੰ ਰਾਜ਼ੀ ਕਰਨਾ ਜ਼ਰੂਰੀ ਹੈ।
ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਜੀਪੀ ਨਾਲ ਹੱਥ ਮਿਲਾ ਕੇ ਹਿੰਦੂ ਵੋਟ ਵਿੱਚ ਸੰਨ੍ਹ ਲਾਉਣ ਦੀ ਤਿਆਰੀ ਕਰ ਰਹੇ ਹਨ। ਅਜਿਹੇ ਵਿੱਚ ਸੁਨੀਲ ਜਾਖੜ ਹੀ ਉਨ੍ਹਾਂ ਦੀ ਕਾਟ ਬਣ ਸਕਦੇ ਹਨ। ਜਾਖੜ ਕਾਂਗਰਸ ਦੇ ਸੀਨੀਅਰ ਹਿੰਦੂ ਲੀਡਰ ਹਨ ਤੇ ਉਨ੍ਹਾਂ ਦਾ ਸਾਫ-ਸੁਥਰਾ ਅਕਸ ਹੈ। ਇਹ ਵੀ ਅਹਿਮ ਹੈ ਕਿ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੀ ਚਰਚਾ ਸੀ ਪਰ ਐਨ ਆਖਰੀ ਮੌਕੇ ਚਰਨਜੀਤ ਚੰਨੀ ਨੂੰ ਅਹੁਦਾ ਦੇਣ ਕਰਕੇ ਵੀ ਕਈ ਸਵਾਲ ਖੜ੍ਹੇ ਹੋਏ ਸੀ।
ਦੱਸ ਦਈੇ ਕਿ ਜਦੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਹੋਇਆ ਸੀ ਤਾਂ ਉਦੋਂ ਤਿੰਨ ਦਫ਼ਾ ਸੁਨੀਲ ਜਾਖੜ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਜਾਖੜ ਨੂੰ ਨਿੱਜੀ ਤੌਰ ’ਤੇ ਸੱਦ ਕੇ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰਨ ਲਈ ਦਬਾਅ ਵੀ ਪਾਇਆ ਸੀ।
ਜਾਖੜ ਨੇ ਉਦੋਂ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਅਹੁਦਿਆਂ ਦੀ ਦੌੜ ਵਿੱਚ ਨਹੀਂ ਹਨ। ਹੁਣ ਪਿਛਲੇ ਕੁਝ ਸਮੇਂ ਤੋਂ ਸੁਨੀਲ ਜਾਖੜ ਦੀ ਸਰਗਰਮੀ ਕਾਫ਼ੀ ਘੱਟ ਨਜ਼ਰ ਆ ਰਹੀ ਹੈ। ਖ਼ੁਫ਼ੀਆ ਰਿਪੋਰਟਾਂ ਮਿਲਣ ਮਗਰੋਂ ਹਰੀਸ਼ ਚੌਧਰੀ ਨੇ ਹਿੰਦੂ ਭਾਈਚਾਰੇ ’ਚ ਪ੍ਰਭਾਵ ਦੇਣ ਲਈ ਸੁਨੀਲ ਜਾਖੜ ਨੂੰ ਮਨਾਉਣ ਦੇ ਯਤਨ ਵਿੱਢੇ ਹਨ। ਪੰਜਾਬ ਵਿੱਚ ਤਿੰਨ ਦਰਜਨ ਦੇ ਕਰੀਬ ਅਜਿਹੇ ਹਲਕੇ ਹਨ ਜਿੱਥੇ ਹਿੰਦੂ ਵੋਟ ਬੈਂਕ ਜ਼ਿਆਦਾ ਪ੍ਰਭਾਵ ਰੱਖਦਾ ਹੈ।