
ਚੰਡੀਗੜ੍ਹ 08,ਅਕਤੂਬਰ (ਸਾਰਾ ਯਹਾਂ): ਪੰਜਾਬ ਵਿੱਚ ਕਾਂਗਰਸ ਦਾ ਮਤਭੇਦ ਅਜੇ ਵੀ ਸ਼ਾਂਤ ਨਹੀਂ ਹੋਇਆ। ਹੁਣ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਵੇਖਿਆ ਗਿਆ ਹੈ। ਇੰਨਾ ਹੀ ਨਹੀਂ, ਸਿੱਧੂ ਨੇ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਵੀ ਕੀਤੀ। ਵੀਡੀਓ ਵਿੱਚ ਸਿੱਧੂ ਨੇ ਇੱਥੋਂ ਤੱਕ ਕਿਹਾ ਕਿ 2022 ਵਿੱਚ ਚੰਨੀ ‘ਕਾਂਗਰਸ ਨੂੰ ਡੁਬੋ ਦੇਵੇਗਾ’। ਸਿੱਧੂ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਨੇ ਉਨ੍ਹਾਂ ਨੂੰ ਘੇਰ ਲਿਆ।
ਹਾਸਲ ਜਾਣਕਾਰੀ ਮੁਤਾਬਕ ਵੀਡੀਓ ਮੋਹਾਲੀ ਏਅਰਪੋਰਟ ਚੌਕ ਤੋਂ ਲਖੀਮਪੁਰ ਮਾਰਚ ਰਵਾਨਾ ਹੋਣ ਦੌਰਾਨ ਦਾ ਹੈ। ਸਿੱਧੂ ਨੇ ਆਉਣ ਤੋਂ ਪਹਿਲਾਂ ਸੀਐਮ ਚੰਨੀ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ। ਵੀਡੀਓ ਵਿੱਚ ਪ੍ਰਗਟ ਸਿੰਘ ਕਹਿੰਦੇ ਹਨ ਕਿ ਸਿਰਫ 2 ਮਿੰਟ ਦੀ ਗੱਲ ਹੈ, ਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚਣ ਵਾਲੇ ਹਨ। ਇਸ ਤੋਂ ਬਾਅਦ ਸਿੱਧੂ ਕਹਿੰਦੇ ਹਨ ਕਿ ਅਸੀਂ ਇੰਨੇ ਲੰਮੇ ਸਮੇਂ ਤੋਂ ਉਸ ਦੀ ਉਡੀਕ ਕਰ ਰਹੇ ਹਾਂ।
ਫਿਰ ਪਰਗਟ ਸਿੰਘ ਕਹਿੰਦੇ ਹਨ ਕਿ ਕਿੰਨੇ ਲੋਕ ਇਕੱਠੇ ਹੋਏ ਹਨ, ਅੱਜ ਬੱਲੇ-ਬੱਲੇ ਹੋ ਗਈ ਹੈ। ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਨਵਜੋਤ ਸਿੱਧੂ ਦੇ ਬਿਲਕੁਲ ਪਿੱਛੇ ਖੜ੍ਹੇ ਹੋ ਕੇ ਕਿਹਾ ਕਿ ਇਹ ਪ੍ਰੋਗਰਾਮ ਸਫਲ ਹੋਇਆ।
ਇਸ ‘ਤੇ ਨਵਜੋਤ ਸਿੱਧੂ ਗੁੱਸੇ ‘ਚ ਆਉਂਦੇ ਹਨ ਤੇ ਕਹਿੰਦੇ ਹਨ, ‘ਅਜੇ ਕਿੱਥੇ ਸਕਸੈਸ। ਜੇ ਭਗਵੰਤ ਸਿੰਘ ਸਿੱਧੂ (ਨਵਜੋਤ ਸਿੰਘ ਸਿੱਧੂ ਦੇ ਪਿਤਾ) ਦੇ ਬੇਟੇ ਨੂੰ ਸੀਐਮ ਬਣਾਇਆ ਜਾਂਦਾ, ਤਾਂ ਉਹ ਦਿਖਾਉਂਦਾ ਸਕਸੈਸ। ਇਸ ਤੋਂ ਬਾਅਦ ਸਿੱਧੂ ਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਤੇ ਕਹਿੰਦੇ ਹਨ, ‘2022 ਵਿੱਚ ਇਹ ਕਾਂਗਰਸ ਨੂੰ ਡੋਬ ਦੇਵੇਗਾ।’
ਅਕਾਲੀ ਦਲ ਨੇ ਸਿੱਧੂ ਨੂੰ ਘੇਰਿਆ
ਅਕਾਲੀ ਦਲ ਦੇ ਮੀਤ ਪ੍ਰਧਾਨ ਡਾ. ਦਲਜੀਤ ਚੀਮਾ ਨੇ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕਿਸੇ ਦਲਿਤ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰਨ ਤੋਂ ਅਸਮਰੱਥ ਹਨ। ਇਸ ਲਈ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ।
