
ਚੰਡੀਗੜ੍ਹ 18 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਲੋਕ ਇਨਸਾਫ਼ ਪਾਰਟੀ ( Lok Insaaf Party) ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਉੱਪਰ ਬਲਾਤਕਾਰ ਦੇ ਦੋਸ਼ (Rape allegations)ਲੱਗਣ ਨਾਲ ਪੰਜਾਬ ਦੀ ਸਿਆਸਤ ਮੁੜ ਗਰਮਾ ਗਈ ਹੈ। ਸੋਸ਼ਲ ਮੀਡੀਆ ਉੱਪਰ ਬਹਿਸ ਚੱਲ ਰਹੀ ਹੈ ਕਿ ਬੈਂਸ (simarjit Bains) ਨੂੰ ਸਰਕਾਰ ਨਾਲ ਆਢਾ ਲੈਣ ਦੀ ਸਜ਼ਾ ਮਿਲੀ ਹੈ। ਇਸ ਬਾਰੇ ਜਦੋਂ ਬੈਂਸ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਬੈਂਸ ਨੇ ਕਿਹਾ ਕਿ ਦੋਸ਼ ਪਹਿਲੀ ਵਾਰ ਨਹੀਂ ਲੱਗੇ, ਕਦੇ ਉਨ੍ਹਾਂ ਦਾ ਨਾਮ ਚਿੱਟਾ ਵੇਚਣ ਵਾਲਿਆਂ ਨਾਲ, ਕਦੇ ਟੈਕਸ ਚੋਰ ਤੇ ਕਦੇ ਬਿਜਲੀ ਚੋਰ ਵਜੋਂ ਬਦਨਾਮ ਕੀਤਾ ਜਾਂਦਾ ਰਿਹਾ ਹੈ। ਜਾਂਚ ਦੌਰਾਨ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸ਼ਿਕਾਇਤ ਔਰਤ ਨੇ ਕਿਸੇ ਦੀ ਸ਼ਹਿ ਉਤੇ ਕੀਤੀ ਹੈ।
ਬੈਂਸ ਦੀ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਔਰਤ ਨੇ ਏਡੀਸੀਪੀ ਕੋਲ ਸ਼ਿਕਾਇਤ ਦਿੱਤੀ ਸੀ, ਪਰ ਫਿਰ ਉੱਥੇ ਹੀ ਮੁਆਫ਼ੀ ਮੰਗੀ ਸੀ ਤੇ ਇਹ ਮੰਨਿਆ ਸੀ ਕਿ ਸ਼ਿਕਾਇਤ ਝੂਠੀ ਹੈ। ਹੁਣ ਮਾਮਲੇ ਦੀ ਅਸਲੀਅਤ ਪੁਲਿਸ ਜਾਂਚ ਮਗਰੋਂ ਹੀ ਸਾਹਮਣੇ ਆਏਗੀ। ਇਸ ਦੀ ਜਾਂਚ ਜੁਆਇੰਟ ਕਮਿਸ਼ਨਰ (ਦਿਹਾਤੀ ਪੁਲਿਸ) ਕੰਵਰਦੀਪ ਕੌਰ ਨੂੰ ਦਿੱਤੀ ਗਈ ਹੈ।
ਚੰਡੀਗੜ੍ਹ ਦੀ ਅਦਾਲਤ ਨੇ ਕੱਢੇ ਸੁਖਬੀਰ ਬਾਦਲ ਦੇ ਵਾਰੰਟ
ਕੀ ਹੈ ਮਾਮਲਾ:
ਸਿਮਰਜੀਤ ਬੈਂਸ ’ਤੇ ਲੁਧਿਆਣਾ ਦੀ ਇੱਕ ਔਰਤ ਨੇ ਬਲਾਤਕਾਰ ਦੇ ਦੋਸ਼ ਲਾਏ ਹਨ। ਵਿਧਵਾ ਔਰਤ ਨੇ ਕਿਹਾ ਕਿ ਉਨ੍ਹਾਂ ਦਾ ਘਰ ਬੈਂਕ ਕੋਲ ਗਿਰਵੀ ਪਿਆ ਹੈ। ਉਸ ਮਾਮਲੇ ਨੂੰ ਸੁਲਝਾਉਣ ਬਦਲੇ ਵਿਧਾਇਕ ਨੇ ਦਫ਼ਤਰ ਤੇ ਗੁਆਂਢੀ ਦੇ ਘਰ ਕਈ ਵਾਰ ਬੁਲਾਇਆ ਤੇ ਜਬਰ-ਜਨਾਹ ਕੀਤਾ।
ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਈਸ਼ਰ ਨਗਰ ਦੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਗਿੱਲ ਗਾਰਡਨ ਕੋਲ ਮਕਾਨ ਖਰੀਦਿਆ ਸੀ। 11 ਲੱਖ ਰੁਪਏ ਡੀਲਰ ਨੂੰ ਨਗ਼ਦ ਦਿੱਤੇ ਸਨ ਤੇ ਬਾਕੀ ਦੇ 10 ਲੱਖ ਦਾ ਲੋਨ ਕਰਵਾਇਆ ਸੀ। ਮਕਾਨ ਲੈਣ ਤੋਂ ਕਰੀਬ ਮਹੀਨੇ ਬਾਅਦ ਔਰਤ ਦੇ ਪਤੀ ਦੀ ਮੌਤ ਹੋ ਗਈ। ਕਰਜ਼ੇ ਦੀਆਂ ਕਰੀਬ 5-6 ਮਹੀਨੇ ਦੀਆਂ ਕਿਸ਼ਤਾਂ ਟੁੱਟ ਗਈਆਂ।
ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਾਇਆ ਕਿ ਡੀਲਰ ਨੇ ਬੈਂਕ ਵਾਲਿਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸਿਮਰਜੀਤ ਸਿੰਘ ਬੈਂਸ ਈਸ਼ਰ ਨਗਰ ਇਲਾਕੇ ’ਚ ਮੀਟਿੰਗ ਕਰ ਰਹੇ ਸਨ ਤਾਂ ਉਸ ਦੀ ਮੁਲਾਕਾਤ ਵਿਧਾਇਕ ਬੈਂਸ ਨਾਲ ਹੋਈ। ਸਾਰੀ ਗੱਲ ਸੁਣ ਕੇ ਵਿਧਾਇਕ ਨੇ ਦਫ਼ਤਰ ਆਉਣ ਲਈ ਆਖਿਆ। ਉੱਥੇ ਕਮਰੇ ਵਿੱਚ ਵਿਧਾਇਕ ਬੈਂਸ ਨੇ ਉਸ ਨਾਲ ਬਲਾਤਕਾਰ ਕੀਤਾ। ਔਰਤ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਜਦ ਵੀ ਆਪਣੀ ਸਮੱਸਿਆ ਦੇ ਹੱਲ ਲਈ ਉੱਥੇ ਗਈ ਤਾਂ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ।
