*ਆਓ ਆਪਾਂ ਆਪਣਾ ਫਰਜ਼ ਨਿਭਾਈਏ, ਇੱਕ- ਇੱਕ ਬੂਟਾ ਸਾਰੇ ਲਗਾਈਏ। ਪਾਣੀ ਬਹੁਤ ਕੀਮਤੀ ਹੈ, ਇੱਕ ਇੱਕ ਬੂੰਦ ਬਚਾਈਏ। ਸਰਕਾਰ ਬੂਟੇ ਲਗਾਉਣ ਵਾਲੇ ਕਲੱਬ ਅਤੇ ਸੰਸਥਾਵਾਂ ਨੂੰ ਕਰੇ ਸਨਮਾਨਿਤ*

0
31

ਮਾਨਸਾ 01 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਆਓ ਆਪਾਂ ਆਪਣਾ ਫਰਜ਼ ਨਿਭਾਈਏ, 

ਇੱਕ- ਇੱਕ ਬੂਟਾ ਸਾਰੇ ਲਗਾਈਏ।

ਪਾਣੀ ਬਹੁਤ ਕੀਮਤੀ ਹੈ, ਇੱਕ ਇੱਕ ਬੂੰਦ ਬਚਾਈਏ। 

ਸਰਕਾਰ ਬੂਟੇ ਲਗਾਉਣ ਵਾਲੇ ਕਲੱਬ ਅਤੇ ਸੰਸਥਾਵਾਂ ਨੂੰ ਕਰੇ ਸਨਮਾਨਿਤ

ਹਾਏ ਗਰਮੀ….ਹਾਏ ਗਰਮੀ …… ਗਰਮੀ ਕਿਉਂ ਦਿਨੋਂ ਦਿਨ ਵਧਦੀ ਜਾ ਰਹੀ ਹੈ? ਪੰਜਾਬ ਵਿੱਚ ਇਸ ਵਾਰ ਗਰਮੀ 49 ਡਿਗਰੀ ਤੋਂ ਵੱਧ ਰਿਕਾਰਡ ਕੀਤੀ ਗਈ ਹੈ। ਅਸੀਂ ਆਪਣੇ ਮਤਲਬ ਲਈ ਕੁਦਰਤ ਦੇ ਖਿਲਾਫ਼ ਹੋ ਗਏ ਹਾਂ। ਅਸੀਂ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਕੁਦਰਤੀ ਅਸੂਲਾਂ ਦਾ ਘਾਣ ਕਰ ਰਹੇ ਹਾਂ। ਗਰਮੀ ਵਧਣ ਦਾ ਇੱਕੋ ਇੱਕ ਕਾਰਨ ਇਹ ਹੈ ਕਿ ਹਰ ਅਮੀਰ ਗਰੀਬ ਘਰ ਏ ਸੀ, ਗੱਡੀਆਂ ਏ ਸੀ ਹੋਰ ਤਾਂ ਹੋਰ ਹੁਣ ਤਾਂ ਕਿਸਾਨਾਂ ਦੇ ਟ੍ਰੈਕਟਰ ਵੀ ਏ ਸੀ ਹਨ। ਇਸਦੇ ਨਾਲ ਹੀ ਸਭ ਤੋਂ ਵੱਡਾ ਮੁੱਖ ਕਾਰਨ ਰੁੱਖ ਅਤੇ ਪਾਣੀ ਧਰਤੀ ਤੋਂ ਖਤਮ ਹੁੰਦੇ ਜਾ ਰਹੇ ਹਨ। ਅਸੀਂ ਖ਼ੁਦ ਰੁੱਖ ਅਤੇ ਪਾਣੀ ਨੂੰ ਖ਼ਤਮ ਕਰਨ ਵਾਲੇ ਹਾਂ। ਅਸੀਂ ਆਪਣੇ ਵਾਤਾਵਰਨ ਅਤੇ ਪਾਣੀ ਨੂੰ ਸੰਭਾਲ ਨਹੀਂ ਸਕੇ। ਜੰਗਲ ਕਟਵਾ ਕੇ ਸਾਨੂੰ ਡਿਵੈਲਪਮੈਂਟ ਚਾਹੀਦਾ ਸੀ, ਵੱਡੀਆਂ ਵੱਡੀਆਂ ਬਿਲਡਿੰਗਾਂ, ਕਾਰਖਾਨੇ, ਫੈਕਟਰੀਆਂ ਦੀ ਲੋੜ ਸੀ, ਪਰ ਜਿਨ੍ਹਾਂ ਸਾਨੂੰ ਇਨ੍ਹਾਂ ਫੈਕਟਰੀਆਂ, ਕਾਰਖਾਨਿਆਂ ਤੋਂ ਜਿਨ੍ਹਾਂ ਫਾਇਦਾ ਸੀ ਹੁਣ ਉਸ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ। 

ਮੈਂ ਤੁਹਾਨੂੰ ਪਾਣੀ ਦੀ ਨਜਾਇਜ਼ ਵਰਤੋਂ ਦੇ ਕੁੱਝ ਕਾਰਨ ਦੱਸਦਾ ਹਾਂ:- 

01. ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਵੀ ਸ਼ਾਇਦ ਇਹ ਪਤਾ ਵੀ ਨਾ ਹੋਵੇ ਕਿ ਇੱਕ ਕਿਲੋ ਚੌਲ ਪੈਦਾ ਕਰਨ ਲਈ 3000 ਲੀਟਰ ਪਾਣੀ ਲੱਗਦਾ ਹੈ। 

02. ਇੱਕ ਲੀਟਰ ਪੈਟਰੋਲ ਸੋਧਣ ਲਈ 300 ਲੀਟਰ ਪਾਣੀ ਲੱਗਦਾ ਹੈ।

03. ਇੱਕ ਕਿਲੋ ਕਾਗਜ਼ ਤਿਆਰ ਕਰਨ ਲਈ 200 ਲੀਟਰ ਪਾਣੀ ਲੱਗਦਾ ਹੈ। 

04. ਇੱਕ ਟਨ ਸੀਮਿੰਟ ਤਿਆਰ ਕਰਨ ਲਈ 8000 ਲੀਟਰ ਪਾਣੀ ਲੱਗਦਾ ਹੈ।

05. ਇੱਕ ਲੀਟਰ ਬੀਅਰ ਬਣਾਉਣ ਲਈ 250 ਲੀਟਰ ਪਾਣੀ ਲੱਗਦਾ ਹੈ। 

06. ਇੱਕ ਮੀਟਰ ਚਮੜਾ ਤਿਆਰ ਕਰਨ ਲਈ 100 ਲੀਟਰ ਪਾਣੀ ਲੱਗਦਾ ਹੈ।

07. ਇੱਕ ਲੀਟਰ ਸੌਫਟ ਡਰਿੰਕ ਤਿਆਰ ਕਰਨ ਲਈ 80 ਲੀਟਰ ਪਾਣੀ ਲੱਗਦਾ ਹੈ। 

08. ਇੱਕ ਟਾਇਮ ਤੇ ਫਲੱਸ਼ ਜਾਣ ਤੋਂ ਬਾਅਦ 10 ਲੀਟਰ ਪਾਣੀ ਡੋਲਿਆ ਜਾਂਦਾ ਹੈ। 

09. ਇੱਕ ਟਨ ਲੋਹਾ ਤਿਆਰ ਕਰਨ ਲਈ 20000 ਲੀਟਰ ਪਾਣੀ ਲੱਗਦਾ ਹੈ। 

10. ਰੋਜ਼ਾਨਾ ਪਿੰਡਾਂ ਸ਼ਹਿਰਾਂ ਵਿੱਚ ਫਰਸ਼ਾਂ ਧੋਣ ਅਤੇ ਗੱਡੀਆਂ ਧੋਣ ਲਈ ਹਜ਼ਾਰਾਂ ਲੀਟਰ ਪਾਣੀ ਖ਼ਰਾਬ ਕਰ ਦਿੱਤਾ ਜਾਂਦਾ ਹੈ। 

ਇਸ ਤੋਂ ਇਲਾਵਾ ਪਲਾਸਟਿਕ ਹਾਰ ਸ਼ਿੰਗਾਰ ਅਤੇ ਸ਼ਰਾਬ ਬਣਾਉਣ ਲਈ ਹਜ਼ਾਰਾਂ ਲੀਟਰ ਪਾਣੀ ਵਰਤਿਆ ਜਾਂਦਾ ਹੈ। ਜਿਸਦੇ ਸਿੱਧੇ ਤੌਰ ਤੇ ਜਿੰਮੇਵਾਰ ਅਸੀਂ ਹੀ ਹਾਂ। 

ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੇਕਰ ਧਰਤੀ ਹੇਠਲੇ ਪਾਣੀ ਅਤੇ ਦਰੱਖਤਾਂ ਦੀ ਸੰਭਾਲ ਨਹੀਂ ਕੀਤੀ ਤਾਂ ਸਭ ਤੋਂ ਵੱਡੇ ਵਿਨਾਸ਼ ਦੇ ਜੁੰਮੇਵਾਰ ਅਸੀਂ ਖ਼ੁਦ ਹੋਵਾਂਗੇ।

ਅੱਜ ਸਰਕਾਰਾਂ ਵੀ ਸਿਰਫ ਮਸ਼ਹੂਰੀਆਂ ਲਈ ਬੂਟੇ ਲਗਾਉਣ ਅਤੇ ਪਾਣੀ ਬਚਾਉਣ ਦਾ ਨਾਟਕ ਕਰਦੀਆਂ ਹਨ। ਕਈ ਵੱਡੇ ਸਮਾਜ਼ ਸੇਵੀ ਫੋਟੋਆਂ ਖਿਚਵਾਉਣ ਲਈ ਬੂਟੇ ਲਗਾਕੇ ਤੁਰਦੇ ਬਣਦੇ ਹਨ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਿਰਫ ਬੂਟੇ ਲਗਾਉਣ ਨਾਲ ਵਾਤਾਵਰਨ ਸਾਫ਼ ਹੋ ਜਾਵੇਗਾ? ਬੂਟਾ ਭਾਵੇਂ ਇੱਕ ਲਗਾ ਦਿਓ ਪਰ ਉਸਦੀ ਪਾਲਣਾ ਕਰਨਾ ਅਸਲੀ ਜ਼ਿੰਮੇਵਾਰੀ ਹੈ। ਗਰਮੀ ਗਰਮੀ ਕਰਦੇ ਅਕਸਰ ਲੋਕ ਲਾਈਵ ਅਤੇ ਸੋਸ਼ਲ ਮੀਡੀਆ ਤੇ ਖਬਰਾਂ ਪਾ ਰਹੇ ਹਨ। ਪਰ ਇਸ ਤੋਂ ਨਿਜਾਤ ਦਿਵਾਉਣ ਲਈ ਬਹੁਤ ਘੱਟ ਲੋਕ ਸਾਹਮਣੇ ਆਉਂਦੇ ਹਨ। ਕਈ ਸਮਾਜ਼ ਸੇਵੀ ਸੰਸਥਾਵਾਂ ਅਤੇ ਕੁੱਝ ਸੂਝਵਾਨ ਲੋਕ ਬੂਟੇ ਲਗਾਉਣ ਦੀ ਮੰਗ ਕਰਦੇ ਵੀ ਹਨ ਅਤੇ ਬੂਟੇ ਲਗਾਉਂਦੇ ਵੀ ਹਨ ਪਰ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੋਈ ਨਹੀਂ ਕਰਦਾ, ਉਨ੍ਹਾਂ ਦਾ ਸਾਥ ਨਾ ਤਾਂ ਸਰਕਾਰ ਅਤੇ ਨਾ ਹੀ ਆਪਾਂ ਦਿੰਦੇ ਹਾਂ, ਕਿਉਂਕਿ ਉਹ ਕੰਮ ਸਿਰਫ ਉਨ੍ਹਾਂ ਦਾ ਹੀ ਹੈ, ਅਸੀਂ ਤਾਂ ਸਿਰਫ ਅੱਖਾਂ ਬੰਦ ਕਰਕੇ ਦੇਖਣ ਵਾਲੇ ਹਾਂ। ਚੰਗੀ ਗੱਲ ਸਾਨੂੰ ਬਹੁਤ ਘੱਟ ਸੁਣਦੀ ਹੈ। 

ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਸਰਕਾਰ ਵੱਲੋਂ ਬੂਟੇ ਫ਼ਰੀ ਦਿੱਤੇ ਜਾਣੇ ਚਾਹੀਦੇ ਹਨ। ਨਰੇਗਾ ਦੇ ਮਜ਼ਦੂਰਾਂ ਤੋਂ ਹੋਰ ਕੰਮ ਕਰਵਾਉਣ ਦੇ ਨਾਲ ਨਾਲ ਬੂਟੇ ਲਗਾਉਣ ਅਤੇ ਦੇਖਭਾਲ ਦਾ ਕੰਮ ਲਿਆ ਜਾਵੇ। ਹਰ ਪਿੰਡ ਦੀ ਪੰਚਾਇਤ ਨੂੰ ਬੂਟੇ ਲਗਾਉਣ ਲਈ ਕਿਹਾ ਜਾਵੇ। ਜਿਹੜੀਆਂ ਸੰਸਥਾਵਾਂ ਅਤੇ ਕਲੱਬ ਬੂਟੇ ਲਗਾਉਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇ। ਜਿਸ ਨਾਲ ਸਮਾਜ ਸੇਵੀ ਕਰਦੇ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ। ਕਿਸਾਨ ਜਥੇਬੰਦੀਆਂ ਅਤੇ ਕਿਸਾਨ ਯੂਨੀਅਨ ਅੱਜ ਤੱਕ ਇਸ ਨੇਕ ਕਾਰਜ ਲਈ ਅੱਗੇ ਕਿਉਂ ਨਹੀਂ ਆਂਉਂਦੇ? ਕੀ ਇਹ ਉਨ੍ਹਾਂ ਦਾ ਫਰਜ਼ ਨਹੀਂ ਬਣਦਾ? ਅਮੀਰ ਗਰੀਬ ਲੋਕਾਂ ਵਿੱਚ ਜਨਮ ਦਿਨ, ਵਿਆਹ ਦੀ ਵਰੇਗੰਢ ਅਤੇ ਹੋਰ ਪ੍ਰੋਗਰਾਮਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਜਿਸ ਨਾਲ ਆਮ ਲੋਕਾਂ ਅਤੇ ਖੁਦ ਵੀ ਏਨਾ ਰੁਪਏ ਖਰਚ ਕਰਕੇ ਮਿਲਦਾ ਕੀ ਹੈ? ਜੇਕਰ ਕੋਈ ਸੰਸਥਾ ਬੂਟੇ ਲਗਾਉਣ ਦਾ ਕੰਮ ਕਰਦੀ ਹੈ ਤਾਂ ਉਨ੍ਹਾਂ ਬੂਟਿਆਂ ਨੂੰ ਪਾਲਣ ਲਈ ਪਾਣੀ ਅਤੇ ਖਾਦਾਂ ਦੀ ਜ਼ਰੂਰਤ ਪੈਂਦੀ ਹੈ। ਫਜ਼ੂਲ ਖਰਚੇ ਬੰਦ ਕਰ ਕੇ ਪਾਣੀ ਅਤੇ ਹੋਰ ਖਾਦਾਂ ਆਦਿ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਕਈ ਨੌਜਵਾਨ ਸਮਾਜ ਸੇਵੀ ਅਕਸਰ ਨਕਲੀ ਆਲਣੇ ਬਣਾ ਕੇ ਬਿਜਲੀ ਦੇ ਖੰਭਿਆਂ ਅਤੇ ਦਰੱਖਤਾਂ ਉੱਤੇ ਟੰਗਦੇ ਦੇਖੇ ਜਾ ਸਕਦੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ, ਪਰ ਤੁਸੀਂ ਉਨ੍ਹਾਂ ਨੂੰ ਆਲਸੀ ਬਣਾ ਰਹੇ ਹੋ। ਜਿਵੇਂ ਸਾਡੀ ਭੋਲੀ ਜੰਨਤਾ ਨੂੰ ਸਰਕਾਰਾਂ ਫ਼ਰੀ ਰਾਸ਼ਣ ਦੇ ਕੇ ਮਿਹਨਤ ਕਰਨ  ਤੋਂ ਆਲਸੀ ਬਣਾ ਰਹੀ ਹੈ। ਜੇਕਰ ਤੁਸੀਂ ਦਰੱਖਤ ਲਗਾਓ ਗੇ ਤਾਂ ਆਲਣੇ ਤਾਂ ਪੰਛੀ ਆਪ ਹੀ ਬਣਾ ਲੈਣਗੇ। ਦਰੱਖਤਾਂ ਨੂੰ ਬਚਾਉਣ ਲਈ ਕਿਸੇ ਦੀ ਵੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਸੰਸਕਾਰ ਐਲ ਪੀ ਜੀ ਗੈਸ ਨਾਲ ਕੀਤਾ ਜਾਵੇ। ਬੱਚਿਆਂ ਨੂੰ ਕਾਗਜ਼ ਖਰਾਬ ਕਰਨ ਤੋਂ ਰੋਕਿਆ ਜਾਵੇ। ਸਫੈਦੇ ਦੇ ਬੂਟੇ ਤੋਂ ਬਿਨ੍ਹਾਂ ਛਾਂ ਵਾਲੇ, ਫਲਾਂ ਵਾਲੇ, ਫੁੱਲਾਂ ਵਾਲੇ ਬੂਟੇ ਅਤੇ ਆਕਸੀਜਨ ਜ਼ਿਆਦਾ ਦੇਣ ਵਾਲੇ ਬੂਟੇ ਜ਼ਿਆਦਾ ਲਗਾਓ। ਪੰਜਾਬ ਸਰਕਾਰ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਆਪਣੇ ਇੱਕ ਇੱਕ ਮੁਲਾਜ਼ਮ ਦੀ ਡਿਊਟੀ ਲਗਾਉਣ ਅਤੇ ਉਹ ਮੁਲਾਜ਼ਮ ਬੂਟੇ ਦੇ ਲਗਾਉਣ ਤੋਂ ਵੱਡਾ ਹੋਣ ਤੱਕ ਲੋੜੀਂਦੀਆਂ ਦੀਆਂ ਸਹੂਲਤਾਂ ਪ੍ਰਦਾਨ ਕਰੇ। ਪਾਣੀ ਬਚਾਉਣ ਲਈ ਸਾਨੂੰ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਸ਼ਹਿਰਾਂ ਵਿੱਚ ਰੋਜ਼ਾਨਾ ਫ਼ਰਸ਼ ਧੋਣਾ, ਗੱਡੀਆਂ ਧੋਣਾ ਅਤੇ ਆਰੋ ਫਿਲਟਰਾਂ ਦਾ ਵਾਧੂ ਡੁਲਦੇ ਪਾਣੀ ਤੇ ਕੰਟਰੋਲ ਕਰਨਾ ਪਵੇਗਾ। ਦੂਜੇ ਪਾਸੇ ਕਿਸਾਨ ਵੀ ਝੋਨਾ ਲਾਉਣ ਤੋਂ ਗ਼ੁਰੇਜ਼ ਕਰਨ। ਪਾਣੀ ਦੀ ਸੰਭਾਲ ਜੇਕਰ ਹੁਣ ਨਾ ਕੀਤੀ ਤਾਂ ਪੰਜਾਬ ਵਿੱਚ ਬਹੁਤ ਜਲਦੀ ਪਾਣੀ ਮੁੱਲ ਵਿਕਣ ਲੱਗ ਜਾਵੇਗਾ। 

ਪੰਜਾਬ ਦੀ ਅਬਾਦੀ ਤਿੰਨ ਕਰੋੜ ਤੋਂ ਵੱਧ ਹੈ, ਜੇਕਰ ਇੱਕ ਵਿਆਕਤੀ ਇੱਕ ਰੁੱਖ ਲਗਾਵੇ ਤਾਂ ਅੱਗਲੇ ਦੋ ਸਾਲਾਂ ਵਿੱਚ ਪੰਜਾਬ ਦਾ ਤਾਪਮਾਨ 30 ਡਿਗਰੀ ਤੋਂ ਘੱਟ ਹੋਵੇਗਾ। ਆਓ ਆਪਾਂ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਪਾਣੀ ਅਤੇ ਦਰਖ਼ਤਾਂ ਨੂੰ ਬਚਾਉਣ ਲਈ ਇੱਕ ਉਪਰਾਲਾ ਕਰੀਏ, ਇੱਕ ਇੱਕ ਬੂਟਾ ਅਤੇ ਪਾਣੀ ਦੀ ਸੰਭਾਲ ਲਈ ਅੱਗੇ ਆਈਏ। ਆਪਣੇ ਬੱਚਿਆਂ ਤੋਂ ਇੱਕ ਬੂਟਾ ਲਗਵਾ ਕੇ ਆਪਣੇ ਬੱਚਿਆਂ ਵਾਂਗੂੰ ਉਸਦੀ ਪਾਲਣਾ ਕਰੀਏ।  

ਆਪਣੇ ਫ਼ਰਜ਼ ਨਿਭਾਉਂਦੇ ਹੋਏ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਨੇਕ ਕੰਮ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ।

LEAVE A REPLY

Please enter your comment!
Please enter your name here