(ਸਾਰਾ ਯਹਾਂ/ਜੋਨੀ ਜਿੰਦਲ ): ਅੱਜ ਆਂਗਣਵਾੜੀ ਮੁਲਾਜਮਾ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਲ ਇੰਡੀਆ ਫੈਡਰੇਸ਼ਨ ਆਂਗਣਵਾੜੀ ਵਰਕਰ ਹੈਲਪਰ ਦੇ ਸੱਦੇ ਤੇ ਹਰ ਸਾਲ ਦੀ ਤਰ੍ਹਾਂ ਆਪਣੀਆਂ ਮੰਗਾਂ ਨੂੰ ਉਭਾਰਦੇ ਹੋਏ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਨਾਅਰੇ ਅਤੇ ਮਾਟੋਆਂ ਨਾਲ ਜਿਲ੍ਹਾ ਵਿਖੇ ਜਿਲ੍ਹਾ ਸਕੱਤਰ ਕਮਰਜੀਤ ਕੌਰ ਅਤੇ ਰਣਜੀਤ ਕੌਰ ਬਰੇਟਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਆਗੂ ਨੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ 1975 ਤੋਂ ਸੰਗਠਿਤ ਬਾਲ ਵਿਕਾਸ ਸੇਵਾਵਾਂ (ਆਈਸੀਡੀਐੱਸ) ਸਕੀਮ ਤਹਿਤ ਬੱਚਿਆਂ ਵਿੱਚ ਫੈਲੇ ਕੁਪੋਸ਼ਣ ਦੀ ਸਭ ਤੋਂ ਵੱਡੀ ਚੁਣੌਤੀ ਨਾਲ ਲੜ ਦੇ ਹੋਏ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਇੱਕ ਪਾਸੇ ਜਿੱਥੇ ਦੇਸ਼ ਅਜਾਦੀ ਦੀ 75ਵੀਂ ਵਰ੍ਹੇਗੰਢ ਨੂੰ ‘ਅੰਮ੍ਰਿਤ ਮਹੋਤਸਵ’ ਦੇ ਰੂਪ ਵਿੱਚ ਮਨਾ ਰਿਹਾ ਹੈ। ਦੂਜੇ ਪਾਸੇ ਇੱਥੇ ਯਾਦ ਕਰਾਉਣਾ ਬਣਦਾ ਹੈ ਕਿ 2021 ਦੇ ਗਲੋਬਲ ਹੰਗਰ ਇੰਡੈਕਸ, ਅੰਤਰਰਾਸ਼ਟਰੀ ਸੰਸਥਾਵਾਂ ਦੀ ਸਲਾਨਾ ਰਿਪੋਰਟ ਨੇ 116 ਦੇਸਾਂ ਵਿਚੋਂ ਭਾਰਤ ਦੀ ਰੈਕਿੰਗ/ਸਥਾਨ 101 ਤੱਕ ਗਿਰਾਵਟ ਦਰਜ ਕਰਦੇ ਹੋਏ ਭੁੱਖ ਨੂੰ ਭਾਰਤ ਲਈ “ਗੰਭੀਰ” ਸਮੱਸਿਆ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਆਈਸੀਡੀਐਸ. ਵਿੱਚ 8.3 ਕਰੋੜ ਬੱਚੇ 2 ਕਰੋੜ ਦੇ ਕਰੀਬ ਗਰਭਵਤੀ ਅਤੇ ਨਰਸਿੰਗ ਮਾਵਾਂ 14 ਲੱਖ ਆਂਗਣਵਾੜੀ ਕੇਂਦਰਾਂ ਦੁਆਰਾ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਪੋਸ਼ਣ ਮਾਂ ਵਰਗੇ ਪ੍ਰੋਗਰਾਮ ਚਲਾ ਕੇ ਕੁਪੋਸ਼ਣ ਨੂੰ ਦੂਰ ਕਰਨ ਦਾ ਨਾਟਕ ਕਰਦੀ ਹੈ ਅਤੇ ਦੂਜੇ ਪਾਸੇ ਭਾਰਤ ਸਰਕਾਰ ਆਈਸੀਡੀਐਸ ਲਈ ਬਜਲ ਅਲਾਟਮੈਂਟ ਵਿੱਚ ਲਗਾਤਾਰ ਕਟੌਤੀ ਕਰਨਾ, ਲਾਭਪਾਤਰੀਆਂ ਨੂੰ ਨਿਸ਼ਾਨਾ ਬਣਾਉਣਾ, ਲਾਭਾਂ ਲਈ ਗੈਰ-ਕਾਨੂੰਨੀ ਢੰਗ ਨਾਲ ਅਧਾਰ ਲਿੰਕ ਕਰਨਾ, ਪੋਸ਼ਣ ਮਟਕਾ ਵਰਗੇ ਪ੍ਰੋਗਰਾਮ ਸ਼ੁਰੂ ਕਰਨਾ, ਲੋਕਾਂ ਨੂੰ ਪੋਸ਼ਣ ਦੇਣ ਲਈ ਅਨਾਜ ਇਕੱਠਾ ਕਰਨ ਲਈ ਵਰਕਰਾਂ ਨੂੰ ਲਾਜਮੀ ਬਣਾਉਣਾ ਸ਼ਾਮਲ ਹਨ। ਵੇਦਾਂਤ ਅਤੇ ਕਾਰਪੋਰੇਟ ਗੈਰ ਸਰਕਾਰੀ ਸੰਗਠਨਾਂ ਵਰਗੇ ਕਾਰਪੋਰੇਟਾਂ ਨੂੰ ਸਰਕਾਰ ਦੁਆਰਾ ਆਈਸੀਡੀਐਸ ਵਿੱਚ ਲਿਆਂਦਾ ਜਾ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਉਹ ਮਾਮੂਲੀ ਮਿਹਨਤਾਨਾ ਵੀ ਨਹੀਂ ਮਿਲ ਰਿਹਾ, ਜੋ ਘੱਟੋ ਘੱਟ ਉਜਰਤ ਤੋਂ ਕਿਤੇ ਘੱਟ ਹੈ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਦੇਸ਼ ਦੀ ਨਿਰਸਵਾਰਥ ਸੇਵਾ ਕੀਤੀ ਹੈ। ਬਹੁਤ ਸਾਰੇ ਵਰਕਰਾਂ ਹੈਲਪਰਾਂ ਨੇ ਆਪਣੀਆਂ ਜਾਨਾਂ ਗੁਆ ਦਿਤੀਆਂ ਹਨ। ਨਵੀਂ ਸਿੱਖਿਆ ਨੀਤੀ 2020 ਨੂੰ ਇਸ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜੋ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ (ਈਸੀਸੀਈ) ਦੇ ਸੰਕਲਪ ਨੂੰ ਖਤਮ ਕਰ ਦੇਵੇਗਾ, ਆਂਗਣਵਾੜੀਆਂ ਨੂੰ ਬੰਦ ਕਰ ਦੇਵੇਗਾ ਅਤੇ ਪ੍ਰੀ-ਸਕੂਲ ਦਾ ਨਿੱਜੀਕਰਨ ਕਰੇਗਾ। ਇਨ੍ਹਾਂ ਸਾਰੇ ਹਮਲਿਆਂ ਨੂੰ ਮੁੱਖ ਰੱਖਦੇ ਹੋਏ ਪੂਰੇ ਭਾਰਤ ਵਿੱਚ ਅੱਜ ਮੰਗ ਦਿਹਾੜਾ ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਕਿ ਆਈਸੀਡੀਐਸ ਨੂੰ ਵਿਭਾਗ ਵਿੱਚ ਤਬਦੀਲ ਕੀਤਾ ਜਾਵੇ ਅਤੇ ਕੁਪੋਸ਼ਿਤ ਵਰਗੀਆਂ ਬੀਮਾਰੀਆਂ ਤੋਂ ਬਚਾਉਣ ਲਈ ਬਣਦਾ ਬਜਟ ਦਿੱਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਮਾਨਯੋਗ ਸੁਪਰੀਟ ਕੋਰਟ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਕੰਮ ਨੰ ਸਥਾਈ ਕੰਮ ਘੋਸ਼ਿਤ ਕਰਦੇ ਹੋਏ ਮਾਣ ਭੱਤੇ ਵਿੱਚ ਸੁਧਾਰ ਕਰਨ ਅਤੇ ਗਰੈਚੂਟੀ ਦੇਣ ਲਈ ਸਾਰਿਆਂ ਨੂੰ ਹੁਕਮ ਜਾਰੀ ਕੀਤੇ ਹਨ। ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਤੁਰੰਤ ਅਮਲ ਵਿੱਚ ਲੈ ਕੇ ਆਵੇ। ਉਨ੍ਹਾਂ ਨੇ ਕਿਹਾ ਕਿ ਆਈ.ਸੀ.ਡੀ.ਐਸ. ਨੂੰ ਬਚਾਉਣ ਲਈ ਅਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ 26 ਜੁਲਾਈ ਤੋਂ 29 ਜੁਲਾਈ ਤੱਕ ਦਿੱਲੀ ਵਿਖੇ ਦਿਨ ਰਾਤ ਦਾ ਮਹਾਂ ਪੜਾਅ ਕਰਦੇ ਹੋਏ ਹਜਾਰਾ ਦੀ ਗਿਣਤੀ ਵਿੱਚ ਦਿੱਲੀ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਸਮੂਹ ਵਰਕਰ ਹੈਲਪਰ ਜਥੇ ਦੇ ਰੂਪ ਵਿੱਚ ਭਾਗ ਲੈਣਗੇ । ਧਰਨੇ ਨੂੰ ਅਮਨਦੀਪ ਕੌਰ ਮਾਨਸਾ, ਦਲਜੀਤ ਕੌਰ, ਮਨਜੀਤ ਕੌਰ ਬੀਰੋਕੇ, ਕਰਮਜੀਤ ਕੌਰ, ਸ਼ਿੰਦਰ ਕੌਰ ਬਰ੍ਹੇ, ਰਾਜ ਰਾਣੀ, ਮੀਨੂੰ ਰਾਣੀ, ਅਵਿਨਾਸ਼ ਕੌਰ ਆਦਿ ਹਾਜਰ ਸਨ।