*ਆਈ.ਐਮ.ਏ ਮਾਨਸਾ ਵੱਲੋਂ ਰੈਜੀਡੈਂਟ ਡਾਕਟਰਾਂ ਤੇ ਕੀਤੇ ਲਾਠੀਚਾਰਜ ਦੀ ਨਿੰਦਾ*

0
47

ਮਾਨਸਾ 28,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਰਾਸ਼ਟਰੀ ਰਾਜਧਾਨੀ ਵਿਚ ਨੀਟ-ਪੀਜੀ ., ਅੰਡਰ ਗਰੇਜੂਏਟ ਲਈ ਕਾਉਂਸਲਿੰਗ ਦੇਰੀ ਦੇ ਵਿਰੋਧ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਰੈਜੀਡੈਂਟ ਡਾਕਟਰਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਥਾਨਕ ਇੰਡੀਅਨ ਮੈਡੀਕਲ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਡਾ. ਸ਼ੇਰਜੰਗ ਸਿੰਘ ਸਿੱਧੂ ਨੇ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰ ਆਪਣੀ ਨਲਾਇਕੀ ਛੁਪਾਉਣ ਲਈ ਡਾਕਟਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਬਿਨਾਂ ਕਿਸੇ ਠੋਸ ਕਾਰਨ ਤੋਂ ਪੀਜੀ ਲਈ ਕਾਊਸਲਿੰਗ ਨਹੀਂ ਕਰ ਰਹੀ। ਜਿਸ ਕਾਰਨ ਨਵੇਂ ਬਣਨ ਵਾਲੇ ਡਾਕਟਰਾਂ ਦੇ ਭਵਿਖ ਤੇ ਸਵਾਲੀਆਂ ਨਿਸ਼ਾਨ ਲੱਗਦਾ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਵਿਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ।ਪੰਜਾਬ ਸਿਵਲ ਮੈਡੀਕਲ ਸਰਵਿਸਜ ਐਸੋਸ਼ੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਇਕ ਤਰਫ਼ ਤਾਂ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆਂ ਨਾ ਕਰਵਾਉਣ ਸਕਣ ਪਿਛੇ ਡਾਕਟਰਾਂ ਦੀ ਘਾਟ ਦਾ ਰੌਣਾ ਰੌਂਦੀ ਹੈ, ਦੂਜੇ ਪਾਸੇ ਜਾਣ ਬੁੱਝ ਕੇ ਪੀਜੀ ਦਾਖਲੇ ਲਈ ਕਾਉਸਲਿੰਗ ਵਿਚ ਦੇਰੀ ਕੀਤੀ ਜਾ ਰਹੀ ਹੈ।ਜਿਸ ਨਾਲ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੁੰਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕਰੋਨਾ ਕਾਲ ਵਿਚ ਡਾਕਟਰਾਂ ਦੀਆਂ ਨਿਭਾਈਆਂ ਸੇਵਾਵਾਂ ਨੂੰ ਭੁੱਲਦੀ ਜਾ ਰਹੀ ਹੈ, ਜਿਸ ਕਾਰਨ ਹੀ ਉਹ ਡਾਕਟਰਾਂ ਤੇ ਲਾਠੀਚਾਰਜ ਵਰਗੇ ਘਿਨਾਉਣੇ ਕਦਮ ਚੁੱਕ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾ. ਕੁਲਵੰਤ ਸਿੰਘ, ਡਾ. ਸੁਰੇਸ਼ ਸਿੰਗਲਾ, ਡਾ. ਰਮੇਸ਼ ਕਟੌਦੀਆਂ , ਡਾ. ਰਾਜੀਵ ਸਿੰਗਲਾ, ਡਾ.ਤੇਜਿੰਦਰ ਪਾਲ ਸਿੰਘ ਰੇਖੀ, ਡਾ. ਰਣਜੀਤ ਰਾਏਪੂਰੀ ਤੇ ਹੋਰ ਡਾਕਟਰਾਂ ਨੇ ਵੀ ਦਿਲੀ ਵਿਚ ਰੈਜੀਡੈਂਟ ਡਾਕਟਰਾਂ ਤੇ ਕੀਤੇ ਲਾਠੀਚਾਰਜ ਦੀ ਘੋਰ ਨਿੰਦਿਆ ਕਰਦੇ ਹੋਏ ਪੀਜੀ ਲਈ ਕਾਉਸਲਿੰਗ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਅਤੇ ਲਾਠੀਚਾਰਜ ਦੇ ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ।

NO COMMENTS