*ਅੱਗ ਨਾਲ ਨੁਕਸਾਨੇ ਗੁਰੂ ਨਾਨਕ ਦੇਵ ਹਸਪਤਾਲ ‘ਚ 24 ਘੰਟਿਆਂ ਤੋਂ ਪਹਿਲਾਂ ‘ਕੰਪੈਕਟ ਸਬ ਸਟੇਸ਼ਨ’ ਬਣਾਉਣ ਦਾ ਕੰਮ ਸ਼ੁਰੂ*

0
20

ਅੰਮ੍ਰਿਤਸਰ 15,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਜਿੱਥੇ ਕਿ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਤੇਲ ਲੀਕ ਹੋਣ ਕਾਰਨ ਕੱਲ ਦੁਪਿਹਰ ਭਿਆਨਕ ਅੱਗ ਲੱਗ ਗਈ ਸੀ ਅਤੇ ਉਸ ਕਾਰਨ ਹਸਪਤਾਲ ਦਾ ਵੱਡਾ ਹਿੱਸਾ ਬਿਜਲੀ ਸਪਲਾਈ ਤੋਂ ਵਾਂਝਾ ਹੋ ਗਿਆ ਸੀ, ਵਿਖੇ 24 ਘੰਟਿਆਂ ਦੇ ਅੰਦਰ-ਅੰਦਰ 500 ਕੇ ਵੀ ਦੇ ਦੋ ਨਵੇਂ ਟਰਾਂਸਫਾਰਮ ਪਹੁੰਚ ਚੁੱਕੇ ਹਨ ਅਤੇ ਇੰਨਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।  ਅੱਜ ਉਕਤ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਉਨਾਂ ਨੇ ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਟਨਾ ਦਾ ਵੇਰਵਾ ਦਿੰਦੇ ਹਸਪਤਾਲ ਦੀਆਂ ਬਿਜਲੀ  ਲੋੜਾਂ ਦੀ ਪੂਰਤੀ ਲਈ ਇੰਜੀਨੀਅਰਾਂ ਵੱਲੋਂ ਦਿੱਤੇ ਸੁਝਾਅ ਅਨੁਸਾਰ 500 ਕੇ.ਵੀ ਦੇ ਦੋ ਡਰਾਈ ਟਰਾਂਸਫਾਰਮਰ ਲਗਾਉਣ ਦੀ ਤਜਵੀਜ਼ ਦਿੱਤੀ ਸੀ, ਜਿਸ ਨੂੰ ਉਨਾਂ ਨੇ ਤਰੁੰਤ ਪ੍ਰਵਾਨ ਕਰ ਲਿਆ ਅਤੇ ਅੱਜ ਸਵੇਰੇ ਇਹ ਟਰਾਂਸਫਾਰਮਰ ਹਸਪਤਾਲ ਪਹੁੰਚ ਗਏ।  ਉਨਾਂ ਕਿਹਾ ਕਿ ਇਹ ਪੰਜਾਬ ਦਾ ਵੱਡਾ ਹਸਪਤਾਲ ਹੈ ਅਤੇ ਇੱਥੇ ਹਰ ਵੇਲੇ ਡਾਕਟਰ, ਨਰਸਾਂ,

ਪੈਰਾ ਮੈਡੀਕਲ ਅਮਲਾ ਤੇ ਦਾਖਲ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਰਹਿੰਦੀ ਹੈ, ਸੋ ਅਸੀਂ ਕਿਸੇ ਵੀ ਤਰ੍ਹਾਂ ਨਾ ਤਾਂ ਆਪਣੇ ਇਸ ਸਰਮਾਏ ਨੂੰ ਖ਼ਤਰੇ ਵਿਚ ਪਾ ਸਕਦੇ ਹਾਂ ਤੇ ਨਾ ਹੀ ਬਿਨਾਂ ਬਿਜਲੀ ਦੇ ਬੈਠੇ ਰਹਿਣ ਦੇ ਸਕਦੇ ਹਾਂ। ਉਨਾਂ ਕਿਹਾ ਕਿ ਕੱਲ੍ਹ ਵਿਭਾਗ ਨੇ ਆਰਜ਼ੀ ਪ੍ਰਬੰਧ ਕਰਕੇ ਸਪਲਾਈ ਸ਼ੁਰੂ ਕੀਤੀ ਸੀ ਅਤੇ ਅੱਜ ਸਵੇਰੇ ਇਹ ਟਰਾਂਸਫਾਰਮ ਪਹੁੰਚ ਗਏ ਹਨ, ਜਿੰਨਾ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।  ਉਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਵਿਚ ਫਿਲਹਾਲ ਕਿਸੇ ਦੀ ਕੁਤਾਹੀ ਸਾਹਮਣੇ ਨਹੀਂ ਆਈ ਪਰ ਇਹ ਪਤਾ ਲੱਗਾ ਹੈ ਕਿ ਉਕਤ ਟਰਾਂਸਫਾਰਮਰ 70 ਦੇ ਦਹਾਕੇ ਦੇ ਬਣੇ ਸਨ ਅਤੇ ਪੁਰਾਣੇ ਹੋਣ ਕਾਰਨ ਇਹ ਲੀਕੇਜ਼ ਹੋਈ, ਜੋ ਕਿ ਅੱਗ ਲੱਗਣ ਦਾ ਕਾਰਨ ਬਣੀ। ਉਨਾਂ ਦੱਸਿਆ ਕਿ ਹੁਣ ਲਗਾਏ ਜਾ ਰਹੇ ਟਰਾਂਸਫਾਰਮ, ਇਕ ਤਾਂ ਬਿਨ੍ਹਾਂ ਤੇਲ ਦੇ ਹਨ ਅਤੇ ਦੂਸਰਾ ਹਸਪਤਾਲ ਦੀ ਇਮਾਰਤ ਤੋਂ ਦੂਰ ਲਗਾਏ ਜਾਣਗੇ, ਜਿਸ ਨਾਲ ਅੱਗ ਲੱਗਣ ਵਰਗਾ ਖ਼ਤਰਾ ਬਿਲਕੁਲ ਨਹੀਂ ਰਹੇਗਾ। ਇਸ ਮੌਕੇ ਪ੍ਰਿਸਿਪਾਲ ਸ੍ਰੀ ਰਾਜੀਵ ਦੇਵਗਨ, ਐਸ ਈ ਸ੍ਰੀ ਵਿਕਾਸ ਗੁਪਤਾ, ਐਸ ਡੀ ਓ ਸ੍ਰੀ ਰਾਜੀਵ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

NO COMMENTS