
ਫਗਵਾੜਾ 15 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਡਾ. ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਫਗਵਾੜਾ ਵਲੋਂ ਜਿਲ੍ਹਾ ਜਲੰਧਰ ਦੇ ਪਿੰਡ ਤੇਹੰਗ (ਫਿਲੌਰ) ਵਿਖੇ ਏਕਨੂਰ ਹਾਕੀ ਅਕੈਡਮੀ ਅਤੇ ਸਮੂਹ ਨਗਰ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦਾ ਫਰੀ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ 520 ਮਰੀਜ਼ਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ 50 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਫੋਲਡੇਬਲ ਲੈਂਜ ਪਾਏ ਗਏ। ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਵੀ ਫਰੀ ਦੀਤੀਆਂ ਗਈਆਂ। ਡਾ. ਰਾਜਨ ਆਈ ਕੇਅਰ ਹਸਪਤਾਲ, ਦੇ ਐੱਮ.ਡੀ. ਡਾਕਟਰ ਐਸ. ਰਾਜਨ ਨੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਵਢਮੁੱਲੀ ਜਾਣਕਾਰੀ ਦੀਤੀ ਅਤੇ ਨਾਲ ਹੀ ਆਪ੍ਰੇਸ਼ਨ ਵਾਲੇ ਮਰੀਜਾਂ ਨੂੰ ਵੀ ਖਾਸ ਸਾਵਧਾਨੀਆਂ ਬਾਰੇ ਸੁਚੇਤ ਕੀਤਾ। ਉਹਨਾਂ ਕਿਹਾ ਕਿ ਅੱਖਾਂ ਸਾਡੇ ਸ਼ਰੀਰ ਦਾ ਬਹੁਤ ਹੀ ਜਰੂਰੀ ਅਤੇ ਨਾਜੁਕ ਅੰਗ ਹਨ। ਇਹਨਾਂ ਦੀ ਸਿਹਤ ਦਾ ਖਾਸ ਖਿਆਲ ਬਹੁਤ ਜਰੂਰੀ ਹੈ। ਅੱਖਾਂ ਦੀ ਕਿਸੇ ਵੀ ਤਕਲੀਫ ਨੂੰ ਅੱਖੋਂ-ਪਰੋਖੇ ਨਾ ਕਰਕੇ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਜਰੂਰ ਲਈ ਜਾਣੀ ਚਾਹੀਦੀ ਹੈ। ਅਖੀਰ ਵਿਚ ਏਕਨੂਰ ਹਾਕੀ ਅਕੈਡਮੀ ਅਤੇ ਨਗਰ ਪੰਚਾਇਤ ਪਿੰਡ ਤੇਹੰਗ ਤੋਂ ਇਲਾਵਾ ਤੇਹੰਗ ਵੈਲਫੇਅਰ ਕਮੇਟੀ, ਐਨ. ਆਈ. ਆਰ ਵੀਰਾਂ ਨੇ ਡਾ. ਐਸ ਰਾਜਨ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਨਿਰਮਲ ਸਿੰਘ, ਹਲਕਾ ਇੰਚਾਰਜ ਪ੍ਰੇਮ ਕੁਮਾਰ, ਤੀਰਥ ਸਿੰਘ ਜੋਹਲ, ਸੁਖਵੰਤ ਸਿੰਘ, ਲਖਵਿੰਦਰ ਸਿੰਘ, ਸਕੂਲ ਟੀਚਰ ਰਾਜਪ੍ਰੀਤ, ਦਿਲਨੂਰ ਕੌਰ ਆਦਿ ਹਾਜਰ ਸਨ।
