
ਪਟਿਆਲਾ, 31 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਲੋਕ ਕਾਂਗਰਸ (ਪੀ.ਐਲ.ਸੀ) ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਦੇ ਜ਼ਮੀਨੀ ਪੱਧਰ ਤੋਂ ਮਿਲੇ ਸੁਝਾਵਾਂ ਨਾਲ ਮੁੱਖ ਮੰਤਰੀ ਦਾ ਚਿਹਰਾ ਤੈਅ ਕਰਨ ਦੇ ਦਾਅਵਿਆਂ ਨੂੰ ਨਿਰ੍ਹਾ ਝੂਠ ਕਰਾਰ ਦਿੱਤਾ ਅਤੇ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਲਈ ਭਿਆਨਕ ਹਾਰ ਦੀ ਭਵਿੱਖਬਾਣੀ ਕੀਤੀ, ਜਿਸ ਨੂੰ ਓਹਨਾਂ ਮੁਤਾਬਕ ਸਿੱਧੂ ਪਹਿਲਾਂ ਸਿਰਫ਼ ਭਾਜਪਾ ਦੀ ਹਮਾਇਤ ਸਦਕਾ ਹੀ ਜਿੱਤ ਸਕਿਆ ਸੀ।
ਪਟਿਆਲਾ ਸ਼ਹਿਰੀ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਅਤੇ ਸ਼ਹਿਰ ਵਿੱਚ ਆਪਣੇ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਸਿੱਧੂ ਵੱਲੋਂ ਉਨ੍ਹਾਂ (ਕੈਪਟਨ ਅਮਰਿੰਦਰ) ਉੱਪਰ ਸ਼੍ਰੋਮਣੀ ਅਕਾਲੀ ਦਲ ਤੋਂ ਬਿਕਰਮ ਸਿੰਘ ਮਜੀਠੀਆ ਦਾ ਸਿੱਧੂ ਖ਼ਿਲਾਫ਼ ਖੜ੍ਹੇ ਹੋਣ ਵਿੱਚ ਹੱਥ ਹੋਣ ਦੇ ਦੋਸ਼ਾਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਉਹ ਮਜੀਠੀਆ ਦਾ ਚਾਚਾ ਨਹੀਂ ਹਨ। ਪੀ.ਐਲ.ਸੀ ਆਗੂ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਵਿੱਚ 38% ਵੋਟਰ ਹਿੰਦੂ ਅਤੇ 32% ਅਨੁਸੂਚਿਤ ਜਾਤੀਆਂ ਦੇ ਹੋਣ ਕਾਰਨ ਸਿੱਧੂ ਦੀ ਹਾਰ ਯਕੀਨੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੀ.ਐੱਲ.ਸੀ ਅਤੇ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ਨਾਲ ਏਸ ਹਲਕੇ ਤੋਂ ਮਜ਼ਬੂਤ ਉਮੀਦਵਾਰ ਖੜ੍ਹਾ ਕੀਤਾ ਹੈ।
ਰਾਹੁਲ ਗਾਂਧੀ ਦੇ ਬਿਆਨ ਕਿ ਕਾਂਗਰਸ ਜ਼ਮੀਨੀ ਪੱਧਰ ਤੋਂ ਸੁਝਾਅ ਲੈਣ ਤੋਂ ਬਾਅਦ ਉਹ ਸੂਬੇ ਵਿੱਚ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰੇਗੀ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਨੇ ਇਸ ਨੂੰ ਮਹਿਜ਼ ਨਾਟਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਲੋਕ ਆਪਣੇ ਵਿਧਾਇਕਾਂ ਦੀ ਚੋਣ ਕਰਦੇ ਹਨ ਅਤੇ ਫਿਰ ਸੀ.ਐਲ.ਪੀ ਮੁੱਖ ਮੰਤਰੀ ਦੀ ਚੋਣ ਕਰਦੀ ਹੈ ਅਤੇ ਇਸ ਕਾਰਨ ਓਹਨਾਂ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਦੀਆਂ ਸਾਰੀਆਂ ਗੱਲਾਂ ਨੂੰ ਸਿਰਫ਼ “ਨੌਟੰਕੀ” ਕਰਾਰ ਦਿੱਤਾ।
ਕਿਸਾਨਾਂ ਦੇ ਚੋਣ ਲੜਨ ਦੇ ਫੈਸਲੇ ਦੇ ਸਵਾਲ ‘ਤੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਲੜਨਾ ਉਨ੍ਹਾਂ ਦਾ ਅਧਿਕਾਰ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ ‘ਤੇ ਕਿਸਾਨਾਂ ਦਾ ਹਮੇਸ਼ਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਆਪਣੀ ਸਰਕਾਰ ਦੇ ਕਾਰਜਕਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਮਰਨ ਵਾਲੇ ਹਰੇਕ ਕਿਸਾਨਾਂ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀਆਂ ਅਤੇ 5 ਲੱਖ ਰੁਪਏ ਦੇਣ ਦਾ ਐਲਾਨ ਓਹਨਾਂ ਦੀ ਸਰਕਾਰ ਨੇ ਹੀ ਕੀਤਾ ਸੀ।
ਪੰਜਾਬ ਵਿੱਚ ਪੀ.ਐਲ.ਸੀ-ਭਾਜਪਾ-ਅਕਾਲੀ ਦਲ (ਸੰਯੁਕਤ) ਗਠਜੋੜ ਦੀ ਹੀ ਅਗਲੀ ਸਰਕਾਰ ਬਣਨ ਦਾ ਭਰੋਸਾ ਜਤਾਉਂਦੇ ਹੋਏ ਕੈਪਟਨ ਅਮਰਿੰਦਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੀ.ਐਲ.ਸੀ ਦੇ ਕੁਝ ਉਮੀਦਵਾਰਾਂ ਨੂੰ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਦੀ ਇਜਾਜ਼ਤ ਦੇਣ ਦਾ ਫੈਸਲਾ ਵੋਟਰ ਜਨਸੰਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਚਾਰ ਪੀ.ਐਲ.ਸੀ ਉਮੀਦਵਾਰ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ ਅਤੇ ਦੋ ਉਮੀਦਵਾਰ ਪੇਂਡੂ ਹਲਕਿਆਂ ਵਿੱਚ ਪੀ.ਐਲ.ਸੀ ਦੇ ਚੋਣ ਨਿਸ਼ਾਨ ’ਤੇ ਹੀ ਚੋਣ ਲੜਨਗੇ।
