ਅੰਮ੍ਰਿਤਸਰ 07 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਅੰਮ੍ਰਿਤਸਰ ਪੂਰਬੀ ਹਲਕੇ ‘ਚ ਭਾਜਪਾ ਤੇ ਕਾਂਗਰਸ (Congress Party) ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੇਅਰ ਸੁਭਾਸ਼ ਸ਼ਰਮਾ ਅਤੇ ਸਾਬਕਾ ਐਮ ਸੀ ਰਛਪਾਲ ਕੌਰ ਆਪੋ -ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਹੀ ਹਲਕੇ ਦੇ ਵੱਖ ਵੱਖ ਵਾਰਡਾਂ ਤੋਂ ਕਰੀਬ ਪੰਜ ਦਰਜਨ ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਬਿਕਰਮ ਮਜੀਠੀਆ ਨੇ ਇਹਨਾਂ ਸਾਬਕਾ ਮੇਅਰ ਤੇ ਸਾਬਕਾ ਐਮਸੀ ਸਮੇਤ ਸਾਰੇ ਆਗੂਆਂ ਨੁੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸ੍ਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹਨਾਂ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਕਰ ਕੇ ਕੀਤਾ ਹੈ ਕਿਉਂਕਿ ਭਾਜਪਾ ਵਿਚ ਹੁਣ ਸਿਰਫ ਤਾਨਾਸ਼ਾਹੀ ਚਲ ਰਹੀ ਹੈ ਜਦੋਂ ਕਿ ਅਕਾਲੀ ਦਲ ਹਮੇਸ਼ਾ ਨਿਮਾਣਾ ਹੋਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਇਸਦੇ ਮੈਂਬਰ ਵੀ ਲੋਕਾਂ ਵਾਸਤੇ ਆਪਣੀ ਜੀਅ ਜਾਨ ਲਗਾ ਦਿੰਦੇ ਹਨ।
ਸਾਬਕਾ ਐਮ ਸੀ ਰਛਪਾਲ ਕੌਰ ਨੇ ਕਿਹਾ ਕਿ ਉਹਨਾਂ ਕਾਂਗਰਸ ਛੱਡਣ ਦਾ ਫੈਸਲਾ ਇਸ ਕਰ ਕੇ ਲਿਆ ਕਿਉਂ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨੁੰ ਪੰਜ ਸਾਲਾਂ ਦੌਰਾਨ ਉੱਕਾ ਹੀ ਵਿਸਾਰ ਲਿਆ ਜਦੋਂ ਕਿ ਸਰਦਾਰ ਮਜੀਠੀਆ ਰੋਜ਼ਾਨਾ ਆਪਣੇ ਸਾਥੀਆਂ ਨੁੰ ਮਿਲਦੇ ਹਨ ਅਤੇ ਪੂਰਾ ਮਾਣ ਸਤਿਕਾਰ ਦਿੰਦੇ ਹਨ।
ਮੇਅਰ ਸੁਭਾਸ਼ ਸ਼ਰਮਾ ਦ ਨਾਲ ਹਰਪ੍ਰੀਤ ਸਿੰਘ ਹੈਪੀ, ਵਿੱਕੀ ਵੇਰਕਾ, ਬਿੱਲੂ ਮਕਬੂਲਪੁਰਾ, ਕੁਲਦੀਪ ਸਿੰਘ, ਹਰਬੰਤ ਸਿੰਘ, ਤੇ ਕਰਨਵੀਰ ਸਿੰਘ ਵੀ ਸ਼ਾਮਲ ਹੋਏ। ਜਦੋਂ ਕਿ ਵਾਰਡ ਨੰਬਰ 22 ਅਤੇ ਵਾਰਡ ਨੰਬਰ 24 ਸਮੇਤ ਵੱਖ ਵੱਖ ਵਾਰਡਾਂ ਤੋਂ ਪੰਜ ਦਰਜਨ ਦੇ ਕਰੀਬ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਮੈਡੀਕਲ ਸੈਲ ਐਸੋਸੀਏਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਵੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਏ।