ਅੰਮ੍ਰਿਤਸਰ 02 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ ਜ਼ਿਲਾ ਪੱਧਰ ‘ਤੇ ਰਾਤੋ-ਰਾਤ ਸਭ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਆਈਪੀਐਸ ਅਰੁਣਪਾਲ ਸਿੰਘ ਨੇ ਰਾਤ 1 ਵਜੇ ਹੁਕਮ ਜਾਰੀ ਕਰਕੇ ਸਮੁੱਚੇ ਕਮਿਸ਼ਨਰੇਟ ਦੇ ਪੁਲੀਸ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਕਮਿਸ਼ਨਰ ਨੇ ਜ਼ਿਲ੍ਹੇ ਦੇ 1139 ਸਬ ਇੰਸਪੈਕਟਰਾਂ, ਏਐਸਆਈ, ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਹਨ।
ਪੁਲੀਸ ਕਮਿਸ਼ਨਰ ਦਾ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਤੋਂ ਕਾਨੂੰਨ ਵਿਵਸਥਾ ਵਿਗੜ ਰਹੀ ਸੀ। ਕਤਲ, ਲੁੱਟ-ਖੋਹ, ਖੋਹਾਂ ਅਤੇ ਚੋਰੀਆਂ ਵਰਗੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਲਈ ਸਮੁੱਚੇ ਕਮਿਸ਼ਨਰੇਟ ਦੀ ਪੁਲੀਸ ਵਿੱਚ ਇੱਕੋ ਰਾਤ ਵਿੱਚ ਫੇਰਬਦਲ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ।
ਹੁਕਮਾਂ ਤਹਿਤ ਪੁਲਿਸ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਆਪਣੀ ਨਵੀਂ ਡਿਊਟੀ ਜੁਆਇਨ ਕਰਨ ਲਈ ਕਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਕਮਿਸ਼ਨਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਅਤੇ ਇਸੇ ਦੌਰਾਨ ਸ਼ੁੱਕਰਵਾਰ ਦੁਪਹਿਰ 1 ਵਜੇ ਉਨ੍ਹਾਂ ਨੇ ਨਵੇਂ ਹੁਕਮਾਂ ’ਤੇ ਦਸਤਖ਼ਤ ਵੀ ਕੀਤੇ।
ਲੰਬੇ ਸਮੇਂ ਤੋਂ ਇੱਕ ਹੀ ਥਾਣੇ ਵਿੱਚ ਤਾਇਨਾਤ ਕਈ ਮੁਲਾਜ਼ਮ ਬਦਲੇ
ਜ਼ਿਆਦਾਤਰ ਉਨ੍ਹਾਂ ਸਬ-ਇੰਸਪੈਕਟਰਾਂ, ਏ.ਐੱਸ.ਆਈ., ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ, ਜੋ ਲੰਬੇ ਸਮੇਂ ਤੋਂ ਇੱਕੋ ਥਾਣੇ ਵਿੱਚ ਬੈਠੇ ਸਨ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਸਾਰੇ ਥਾਣਿਆਂ ਦੇ ਮੁਨਸ਼ੀ ਸ਼ਾਮਲ ਹਨ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਆਉਟਪੁੱਟ ਬਹੁਤ ਖਰਾਬ ਸੀ, ਉਨ੍ਹਾਂ ਦੇ ਵੀ ਤਬਾਦਲੇ ਕਰ ਦਿੱਤੇ ਗਏ ਹਨ।
ਪਹਿਲੀ ਵਾਰ ਇੱਕ ਦਿਨ ਵਿੱਚ ਇੰਨਾ ਵੱਡਾ ਫੈਸਲਾ
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੁਲੀਸ ਵਿਭਾਗ ਵਿੱਚ ਇੰਨੇ ਵੱਡੇ ਪੱਧਰ ’ਤੇ ਤਬਾਦਲੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਤਬਾਦਲੇ ਐੱਸਐੱਚਓ ਦੇ ਰੈਂਕ ‘ਤੇ ਨਹੀਂ ਸਗੋਂ ਹੇਠਲੇ ਪੱਧਰ ‘ਤੇ ਕੀਤੇ ਗਏ ਹਨ। ਇਸ ਕਾਰਨ ਆਉਣ ਵਾਲੇ ਦਿਨਾਂ ‘ਚ ਸੁਧਾਰ ਦੀ ਉਮੀਦ ਹੈ ਕਿਉਂਕਿ ਇਸ ਪੱਧਰ ‘ਤੇ ਜ਼ਿਆਦਾਤਰ ਪਬਲਿਕ ਡੀਲਿੰਗ ਅਤੇ ਕਾਰਵਾਈ ਵੀ ਹੁੰਦੀ ਹੈ।