*ਅੰਮ੍ਰਿਤਸਰ ’ਚ ਮੁੜ ਫੈਲੀ ਦਹਿਸ਼ਤ, ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਹੁੰਚਿਆ ਗ੍ਰਨੇਡ*

0
34

ਅੰਮ੍ਰਿਤਸਰ 13,ਅਗਸਤ (ਸਾਰਾ ਯਹਾਂ) ਪੰਜਾਬ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅੰਮ੍ਰਿਤਸਰ ਵਿੱਚ ਆਜ਼ਾਦੀ ਦਿਵਸ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਰਣਜੀਤ ਐਵੇਨਿਊ ਇਲਾਕੇ ਵਿੱਚੋਂ ਇੱਕ ਗ੍ਰਨੇਡ ਮਿਲਿਆ ਹੈ। ਪੁਲਿਸ ਨੇ ਬੰਬ ਨਕਾਰਾ ਕਰਨ ਵਾਲੇ ਦਸਤੇ ਦੀ ਮਦਦ ਨਾਲ ਬੰਬ ਆਪਣੇ ਕਬਜ਼ੇ ’ਚ ਲੈ ਲਿਆ ਹੈ। ਇਸ ਦੇ ਨਾਲ ਹੀ, ਪੂਰੇ ਇਲਾਕੇ ਵਿੱਚ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਗ੍ਰਨੇਡ ਮਿਲਣ ਤੋਂ ਇਲਾਕੇ ’ਚ ਦਹਿਸ਼ਤ ਵਾਲਾ ਮਾਹੌਲ ਹੈ।

ਇਹ ਖ਼ਬਰ ਲਿਖੇ ਜਾਣ ਤੱਕ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਤੋਂ ਬਰਾਮਦ ਕੀਤੇ ਗਏ ਗ੍ਰਨੇਡ ਨੂੰ ਨਕਾਰਾ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15 ਅਗਸਤ ਨੂੰ ਅੰਮ੍ਰਿਤਸਰ ਵਿੱਚ ਕੌਮੀ ਝੰਡਾ ਲਹਿਰਾਉਣ ਆ ਰਹੇ ਹਨ। ਇਸ ਕਾਰਨ ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਇਲਾਕਿਆਂ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ। ਇੱਕ ਘਰ ਦੇ ਬਾਹਰ ਸਫਾਈ ਕਰਦੇ ਸਮੇਂ ਬੰਬ ਵਰਗੀ ਕੋਈ ਚੀਜ਼ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਟਿਫਿਨ ਬੰਬ ਬਰਾਮਦ

ਇਸ ਤੋਂ ਪਹਿਲਾਂ 9 ਅਗਸਤ ਨੂੰ ਪੰਜਾਬ ਵਿੱਚ ਇੱਕ ਟਿਫਿਨ ਬੰਬ ਬਰਾਮਦ ਹੋਇਆ ਸੀ। ਤਲਾਸ਼ੀ ਮੁਹਿੰਮ ਦੌਰਾਨ, ਪੁਲਿਸ ਟੀਮ ਨੇ ਬੱਚਿਆਂ ਦੇ ਦੁਪਹਿਰ ਦੇ ਖਾਣੇ ਦੇ ਡੱਬੇ ਤੇ ਹੋਰ ਗੋਲਾ ਬਾਰੂਦ ਦਾ ਇੱਕ ਥੈਲਾ ਇੱਕ ਨਰਮ ਫ਼ੋਮ ਪਾਊਚ ਵਿੱਚ ਬਰਾਮਦ ਕੀਤਾ ਸੀ। ਬੈਗ ਨੂੰ ਡ੍ਰੋਨ ਰਾਹੀਂ ਸੁੱਟਿਆ ਗਿਆ ਸੀ, ਜੋ ਪਾਕਿਸਤਾਨ ਵਾਲੇ ਪਾਸੇ ਤੋਂ ਸਰਹੱਦ ਪਾਰ ਕਰਕੇ ਭਾਰਤ ਆਇਆ ਸੀ।

ਉਸ ਤੋਂ ਬਾਅਦ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਲੋਕਾਂ ਨੂੰ ਹਰ ਸਮੇਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਹੈ। ਇੱਕ ਸੰਦੇਸ਼ ਜਾਰੀ ਕੀਤਾ ਗਿਆ ਹੈ ਕਿ ਜੇ ਰੇਲ, ਬੱਸਾਂ ਜਾਂ ਰੈਸਟੋਰੈਂਟਾਂ ਸਮੇਤ ਕਿਤੇ ਵੀ ਕੋਈ ਸ਼ੱਕੀ ਜਾਂ ਲਾਵਾਰਿਸ ਚੀਜ਼ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਲੋਕ ਹੈਲਪਲਾਈਨ ਨੰਬਰ 112 ਜਾਂ 181 ‘ਤੇ ਪੁਲਿਸ ਨੂੰ ਸੂਚਿਤ ਕਰ ਸਕਦੇ ਹਨ।

LEAVE A REPLY

Please enter your comment!
Please enter your name here