*ਅੰਮਿ੍ਰਤਸਰ ਤੋਂ ਲੰਡਾ-ਰਿੰਦਾ ਅੱਤਵਾਦੀ ਮਾਡਿਊਲ ਦੇ ਤਿੰਨ ਆਪ੍ਰੇਟਿਵ ਕਾਬੂ; ਏਕੇ-47 ਅਤੇ ਤਿੰਨ ਪਿਸਤੌਲ ਬਰਾਮਦ*

0
11

ਚੰਡੀਗੜ/ਅੰਮਿ੍ਰਤਸਰ, 21 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਸ਼ਿਕੰਜਾ ਕੱਸਦਿਆਂ ਅੰਮਿ੍ਰਤਸਰ ਕਮਿਸ਼ਨਰੇਟ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਦਿੱਲੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁਨਾਂ ਨੂੰ ਗਿ੍ਰਫਤਾਰ ਕੀਤਾ ਅਤੇ ਉਕਤ ਦੋਸ਼ੀਆਂ ਤੋਂ ਇੱਕ ਏਕੇ-47 ਅਸਾਲਟ ਰਾਈਫਲ ਅਤੇ ਤਿੰਨ ਪਿਸਤੌਲਾਂ ਸਮੇਤ ਗੋਲੀ ਸਿੱਕਾ ਬਰਾਮਦ  ਕੀਤਾ ਹੈ। 
ਇਹ ਜਾਣਕਾਰੀ ਦਿੰਦਿਆਂ ਡੀਜੀਪੀ ,ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਇਸ ਮਾਡਿਊਲ ਨੂੰ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ‘ਤੇ ਹੈਂਡਲ ਕੀਤਾ ਜਾ ਰਿਹਾ ਹੈ।
ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਰਾਜ ਸਿੰਘ ਵਾਸੀ ਭਿੱਖੀਵਿੰਡ ਜਿਲਾ ਤਰਨਤਾਰਨ, ਆਤਿਸ਼ ਕੁਮਾਰ ਅਤੇ ਅਵਿਨਾਸ਼ ਕੁਮਾਰ ਦੋਵੇਂ ਵਾਸੀ ਪਿੰਡ ਸਰਹਾਲੀ ਕਲਾਂ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। ਤਿੰਨੋਂ ਮੁਲਜਮ ਗੁਜਰਾਤ ਦੀ ਇੱਕ ਟਾਈਲ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਸਨ।


ਇਹ ਕਾਰਵਾਈ ,  ਦਿੱਲੀ ਪੁਲਿਸ ਵੱਲੋਂ ਮੋਗਾ ਦੇ ਕੋਟ ਈਸੇ ਖਾਂ ਦੇ ਹਰਮਿੰਦਰ ਸਿੰਘ ਦੀ ਗਿ੍ਰਫਤਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ, ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸਨੇ ਲਖਬੀਰ ਲੰਡਾ ਦੇ ਨਿਰਦੇਸ਼ਾਂ ‘ਤੇ ਇੱਕ ਏਕੇ-47 ਅਤੇ ਤਿੰਨ ਪਿਸਤੌਲਾਂ ਦੀ ਖੇਪ ਲੈ ਕੇ ਬਲਰਾਜ, ਆਤਿਸ ਅਤੇ ਅਵਿਨਾਸ ਨੂੰ ਸੌਂਪੀ ਸੀ ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਪੁਖ਼ਤਾ ਜਾਣਕਾਰੀ ਤੋਂ ਬਾਅਦ ਅੰਮਿ੍ਰਤਸਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ  ਅਤੇ ਡੀਸੀਪੀ ਡਿਟੈਕਟਿਵ ਅੰਮਿ੍ਰਤਸਰ ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਪੁਲਿਸ ਟੀਮਾਂ ਨੇ ਵੀਰਵਾਰ ਨੂੰ ਘੀ ਮੰਡੀ ਇਲਾਕੇ ਦੇ ਇੱਕ ਹੋਟਲ ਤੋਂ ਤਿੰਨੋਂ ਮੁਲਜਮਾਂ ਨੂੰ ਤਿੰਨ ਪਿਸਤੌਲਾਂ: ਇੱਕ 9 ਐਮ.ਐਮ. ਸਮੇਤ  22 ਜਿੰਦਾ ਕਾਰਤੂਸ ਅਤੇ ਦੋ .30 ਬੋਰ ਸਮੇਤ 9 ਜਿੰਦਾ ਕਾਰਤੂਸ  ਸਣੇ ਗਿ੍ਰਫਤਾਰ ਕੀਤਾ । 
ਉਨਾਂ ਦੱਸਿਆ ਕਿ ਮੁਲਜਮ ਬਲਰਾਜ ਦੇ ਖੁਲਾਸੇ ‘ਤੇ ਪੁਲਿਸ ਟੀਮਾਂ ਨੇ ਤਰਨਤਾਰਨ ਦੇ ਪਿੰਡ ਠੱਠੇ ਵਿਖੇ ਉਸ ਵੱਲੋਂ ਦੱਸੇ ਟਿਕਾਣੇ ਤੋਂ ਏਕੇ-47 ਅਸਾਲਟ ਰਾਈਫਲ ਸਮੇਤ 23 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।


ਪੁਲਿਸ ਕਮਿਸ਼ਨਰ (ਸੀ.ਪੀ) ਅੰਮਿ੍ਰਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਿ੍ਰਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਨਾਂ ਕਿਹਾ ਕਿ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਲਈ  ਜਾਂਚ ਜਾਰੀ ਹੈ ਅਤੇ ਇਸ ਮਾਡਿਊਲ ਤੋਂ ਹਥਿਆਰ ਅਤੇ ਗੋਲੀ ਸਿੱਕੇ  ਦੀ ਹੋਰ ਬਰਾਮਦਗੀ ਦੀ ਆਸ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਐਫ.ਆਈ.ਆਰ ਨੰ. 135 ਮਿਤੀ 20.10.2022 ਨੂੰ ਅਸਲਾ ਐਕਟ ਦੀ ਧਾਰਾ 25(8)/54/59 ਅਧੀਨ ਥਾਣਾ ਈ- ਡਵੀਜਨ ਅੰਮਿ੍ਰਤਸਰ ਵਿਖੇ ਮਾਮਲਾ  ਦਰਜ ਕੀਤਾ ਗਿਆ ਹੈ। ————-   

LEAVE A REPLY

Please enter your comment!
Please enter your name here