
ਚੰਡੀਗੜ, 2 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ)ਬਹੁਤ ਸਾਰੇ ਪੰਜਾਬੀ, ਸਿੱਖਿਆ ਜਾਂ ਕੁਝ ਹੋਰ ਮਹੱਤਵਪੂਰਣ ਕਾਰਨਾਂ ਕਰਕੇ ਵਿਦੇਸ਼ੀ ਯਾਤਰਾ ਕਰਦੇ ਰਹਿੰਦੇ ਹਨ ਅਤੇ ਮਹਾਂਮਾਰੀ ਦੇ ਇਸ ਦੌਰ ਵਿੱਚ ਅੰਤਰਰਾਸ਼ਟਰੀ ਯਾਤਰਾ ਸਿਰਫ਼ ਕੋਵਿਡ ਸਬੰਧੀ ਪੂਰਵ ਸ਼ਰਤਾਂ ਜਿਵੇਂ ਕਿ ਕੋਵਿਡ ਦੀ ਨੈਗਟਿਵ ਟੈਸਟ ਰਿਪੋਰਟ ਜਾਂ ਟੀਕਾਕਰਣ ਸਰਟੀਫਿਕੇਟ ਨਾਲ ਸੰਭਵ ਹੈ। ਅੰਤਰਰਾਸ਼ਟਰੀ ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ, ਪੰਜਾਬ ਸਰਕਾਰ ਨੇ ਉਹਨਾਂ ਅੰਤਰਰਾਸ਼ਟਰੀ ਯਾਤਰੀਆਂ ਦੇ ਲਾਭ ਲਈ ਕੋਵਿਡ ਟੀਕਾਕਰਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ ਜਿਨਾਂ ਲਈ ਵਿਦੇਸ਼ ਯਾਤਰਾ ਕਰਨਾ ਬਹੁਤ ਜ਼ਰੂਰੀ ਹੈ।
ਅਜਿਹੇ ਯਾਤਰੀਆਂ ਨੂੰ ਦਿੱਤੀ ਗਈ ਢਿੱਲ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਸਾਰੇ ਲੋਕਾਂ, ਜੋ ਕਿਸੇ ਵੀ ਸਿਹਤ ਸਮੱਸਿਆ ਲਈ ਇਲਾਜ ਸੇਵਾਵਾਂ ਪ੍ਰਾਪਤ ਕਰਨ, ਵਿਦੇਸ਼ੀ ਨਾਗਰਿਕ ਜਿਹਨਾਂ ਨੂੰ ਆਪਣੇ ਦੇਸ਼ ਪਰਤਣਾ ਪੈਂਦਾ ਹੈ ਅਤੇ ਅਜਿਹੇ ਲੋਕਾਂ ਜਿਹਨਾਂ ਲਈ ਵਿਦੇਸ਼ੀ ਯਾਤਰਾ ਟਾਲਣਯੋਗ ਨਹੀਂ ਹੈ, ਨੂੰ ਕੋਵੀਸ਼ੀਲਡ ਦੀ ਪਹਿਲੀ ਖੁਰਾਕ ਦੇ 84 ਦਿਨਾਂ ਦੇ ਲਾਜਮੀ ਅੰਤਰਾਲ ਤੋਂ ਪਹਿਲਾਂ ਦੂਜੀ ਖੁਰਾਕ ਮੁਹੱਈਆ ਕਰਵਾਉਣ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ, ਸਬੰਧਤ ਵਿਅਕਤੀਆਂ ਨੂੰ ਯਾਤਰਾ ਸਬੰਧੀ ਦਸਤਾਵੇਜਾਂ ਦੀ ਇੱਕ ਕਾਪੀ ਜਿਵੇਂ ਵੀਜ਼ਾ/ਪੁਸ਼ਟੀ ਕੀਤੀ ਟਿਕਟ ਦੇ ਨਾਲ ਅਜਿਹੇ ਹੋਰ ਦਸਤਾਵੇਜ ਪੇਸ਼ ਕਰਨ ਲਈ ਕਿਹਾ ਜਾ ਸਕਦਾ ਹੈ ਜੋ ਯਾਤਰਾ ਦੀ ਜ਼ਰੂਰਤ ਨੂੰ ਜਾਇਜ਼ ਠਹਿਰਾ ਸਕਦੇ ਹੋਣ।
