*ਅੰਗਰੇਜ਼ ਭਾਰਤ ਨੂੰ ਲਗਾਤਾਰ ਲੁੱਟਦੇ ਰਹੇ, ਪਰ ਕਾਂਗਰਸ ਅਤੇ ਭਾਜਪਾ ਨੇ ਵਾਰੋ-ਵਾਰੀ ਲੁੱਟਿਆ-ਮੁੱਖ ਮੰਤਰੀ*

0
19

ਹਮੀਰਪੁਰ, 11 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਦੇਸ਼ ਨੂੰ ਲੁੱਟਣ ਲਈ ਕਾਂਗਰਸ ਅਤੇ ਭਾਜਪਾ ’ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਨੂੰ 200 ਸਾਲ ਗੁਲਾਮ ਬਣਾਇਆ ਪਰ ਆਜ਼ਾਦੀ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਨੇ ਸਾਨੂੰ ਵਾਰੋ-ਵਾਰੀ ਪੰਜ-ਪੰਜ ਸਾਲ ਲਈ ਗੁਲਾਮੀ ਵਿਚ ਰੱਖਿਆ।

ਅੱਜ ਇੱਥੇ ਇੱਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਲੋਕਾਂ ਦਾ ਪੈਸਾ ਲੁੱਟਣ ਲਈ ਇਕ-ਦੂਜੇ ਨਾਲ ਦੋਸਤਾਨਾ ਮੈਚ ਖੇਡਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਵਾਂਗ ਇਨ੍ਹਾਂ ਪਾਰਟੀਆਂ ਨੇ ਵੀ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਪਰ ਲੋਕਾਂ ਕੋਲ ਉਨ੍ਹਾਂ ਨੂੰ ਵਾਰ-ਵਾਰ ਚੁਣਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ‘ਆਪ’ ਦੇ ਰੂਪ ‘ਚ ਲੋਕਾਂ ਨੂੰ ਦੇਸ਼ ‘ਚ ਬਦਲਾਅ ਲਿਆਉਣ ਲਈ ਬਦਲ ਮਿਲਿਆ ਹੈ ਅਤੇ ਲੋਕ ‘ਆਪ’ ਨੂੰ ਚੁਣ ਕੇ ਭਾਜਪਾ ਅਤੇ ਕਾਂਗਰਸ ਨੂੰ ਨਾਕਾਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਤੋਂ ਸ਼ੁਰੂ ਹੋਈ ਬਦਲਾਅ ਦੀ ਹਨੇਰੀ ਨੇ ਪੰਜਾਬ ਵਿਚ ਆਪਣਾ ਪੂਰਾ ਅਸਰ ਦਿਖਾਇਆ ਅਤੇ ਹੁਣ ਇਹ ਸਮੁੱਚੇ ਦੇਸ਼ ਵਿੱਚ ਹੂੰਝਾ ਫੇਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ‘ਆਪ’ ਹਿਮਾਚਲ ਪ੍ਰਦੇਸ਼ ‘ਚ ਵੀ ਸਿਆਸੀ ਝੱਖੜ ਝੁਲਾਉਣ ਲਈ ਤਿਆਰ ਹੈ ਅਤੇ ਕਾਂਗਰਸ ਤੇ ਭਾਜਪਾ ਨੂੰ ਪਹਾੜੀ ਸੂਬੇ ‘ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਲੋਕਾਂ ਨੂੰ ਇੱਕ ਨਵਾਂ ਅਤੇ ਖੁਸ਼ਹਾਲ ਹਿਮਾਚਲ ਸਿਰਜਣ ਲਈ ਕਾਂਗਰਸ ਅਤੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ।

ਕਾਂਗਰਸ ਆਗੂ ਰਾਹੁਲ ਗਾਂਧੀ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ 50 ਸਾਲ ਦੀ ਉਮਰ ਪਾਰ ਕਰਨ ਦੇ ਬਾਵਜੂਦ ਨਹਿਰੂ-ਗਾਂਧੀ ਪਰਿਵਾਰ ਦਾ ਇਹ ਸਪੁੱਤਰ ਅੱਜ ਵੀ ਨੌਜਵਾਨ ਆਗੂ ਹੈ। ਉਨ੍ਹਾਂ ਕਿਹਾ ਕਿ 37 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਕਿਸੇ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣ ਤੋਂ ਤਾਂ ਰੋਕ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ 94 ਸਾਲ ਦਾ ਵਿਅਕਤੀ ਵਿਧਾਇਕ ਜਾਂ ਐਮ.ਪੀ. ਬਣਨ ਲਈ ਚੋਣ ਲੜਦਾ ਹੈ ਜੋ ਕਿ ਸਰਾਸਰ ਗਲਤ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੇਸ਼ ‘ਚ ਬਦਲਾਅ ਦਾ ਧੁਰਾ ਹੈ, ਜਿਸ ਦੀ ਝਲਕ ਪੰਜਾਬ ‘ਚ ਆਪ ਦੇ 70 ਤੋਂ ਵੱਧ ਵਿਧਾਇਕਾਂ ਤੋਂ ਦਿਸ ਜਾਂਦੀ ਹੈ ਕਿਉਂ ਜੋ ਇਹ ਵਿਧਾਇਕ 35 ਸਾਲ ਤੋਂ ਵੀ ਘੱਟ ਉਮਰ ਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿੱਥੇ ਸਕੂਲਾਂ ਨੂੰ ਮਿਡ-ਡੇ-ਮੀਲ ਦੀਆਂ ਇਮਾਰਤਾਂ ਵਿੱਚ ਤਬਦੀਲ ਕਰ ਦਿੱਤਾ, ਉੱਥੇ ਹੀ ਦਿੱਲੀ ਅਤੇ ਪੰਜਾਬ ਦੀਆਂ ‘ਆਪ’ ਸਰਕਾਰਾਂ ਨੇ ਉਨ੍ਹਾਂ ਨੂੰ ‘ਸਿੱਖਿਆ ਦੇ ਮੰਦਰ’ ਵਿੱਚ ਬਦਲ ਦਿੱਤਾ, ਜਿੱਥੋਂ ਨੌਕਰੀਆਂ ਦੇਣ ਵਾਲੇ ਪੈਦਾ ਕੀਤੇ ਜਾ ਰਹੇ ਹਨ, ਨਾ ਕਿ ਨੌਕਰੀਆਂ ਮੰਗਣ ਵਾਲੇ। ਮਿਆਰੀ ਸਿੱਖਿਆ ਨੂੰ ਸਾਰੀਆਂ ਸਮੱਸਿਆਵਾਂ ਦਾ ਇਕਮਾਤਰ ਹੱਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਅਜਿਹਾ ਸ਼ਕਤੀਸ਼ਾਲੀ ਵਸੀਲਾ ਹੈ ਜੋ ਲੋਕਾਂ ਦਾ ਜੀਵਨ ਨੂੰ ਬਦਲ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮਿਆਰੀ ਸਿੱਖਿਆ ਰਾਹੀਂ ਆਮ ਆਦਮੀ ਨੂੰ ਸਮਰੱਥਵਾਨ ਬਣਾਉਣ ਲਈ ਲੋਕਾਂ ਨੂੰ ‘ਆਪ’ ਦਾ ਸਮਰਥਨ ਕਰਨਾ ਚਾਹੀਦਾ ਹੈ ਜਿਵੇਂ ਕਿ ਦਿੱਲੀ ਅਤੇ ਪੰਜਾਬ ਵਿਚ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿਰਫ਼ ਲੀਡਰਾਂ ਦੇ ਬੋਲਣ ਨਾਲ ਗਰੀਬੀ ਦੂਰ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਉਹ ਰਸਤਾ ਹੈ ਜੋ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਕੇ ਗੁਰਬਤ ਤੋਂ ਬਾਹਰ ਕੱਢ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਪਹਾੜੀ ਸੂਬੇ ਦੀ ਕਾਇਆ ਕਲਪ ਲਈ ਦਿੱਲੀ ਅਤੇ ਪੰਜਾਬ ਵਰਗੀ ਇਮਾਨਦਾਰ ਅਤੇ ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ।

ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਭਾਵੁਕ ਸਾਂਝ ਪ੍ਰਗਟਾਉਂਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਸੂਬੇ ਦੇ ਦੌਰੇ ਉਤੇ ਆਉਂਦੇ ਸਨ। ਉਨ੍ਹਾਂ ਕਿਹਾ ਕਿ ਦੇਵ ਭੂਮੀ ਹਿਮਾਚਲ ਪ੍ਰਦੇਸ਼ ਭਾਗਾਂ ਵਾਲੀ ਧਰਤੀ ਹੈ ਅਤੇ ਇੱਥੇ ਆ ਕੇ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਬਹੁਤ ਪ੍ਰਤਿਭਾਸ਼ਾਲੀ ਅਤੇ ਕਾਬਲ ਹਨ ਅਤੇ ਹੁਣ ਸਮਾਂ ਆ ਗਿਆ ਹੈ ਜਦੋਂ ਸੂਬੇ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਉਨ੍ਹਾਂ ਦੀ ਅਥਾਹ ਸਮਰੱਥਾ ਨੂੰ ਤਲਾਸ਼ਿਆ ਜਾਵੇ।
——

LEAVE A REPLY

Please enter your comment!
Please enter your name here