ਮਾਨਸਾ, 15 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ): ਅਜ਼ਾਦੀ ਦੇ 75ਵੇਂ ਅਮਿ੍ਰਤ ਮਹਾਂਉਤਸਵ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਵਿਖੇ ਜਿਲਾ ਪ੍ਰਸ਼ਾਸ਼ਨ ਮਾਨਸਾ ਨੇ ਯੁਵਕ ਸੇਵਾਂਵਾਂ ਵਿਭਾਗ ਦੇ ਸਹਿਯੋਗ ਨਾਲ ਅਜ਼ਾਦੀ ਘੁਲਾਟੀਏ ਬਿਹਾਰਾ ਸਿੰਘ ਦਾ 94ਵਾਂ ਜਨਮ ਦਿਨ ਮਨਾਇਆ ।
ਇਸ ਮੌਕੇ ਮੁੱਖ ਮਹਿਮਾਨ ਵੱਜੋਂ ਅਜ਼ਾਦੀ ਘੁਲਾਟੀ ਬਿਹਾਰਾ ਸਿੰਘ ਅਤੇ ਵਿਸ਼ੇਸ ਤੌਰ ’ਤੇ ਹਲਕਾ ਵਿਧਾਇਕ ਬੁਢਲਾਡਾ ਸ੍ਰੀ ਬੁੱਧ ਰਾਮ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ, ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਨੇ ਸਿਰਕਤ ਕੀਤੀ।
ਹਲਕਾ ਵਿਧਾਇਕ ਬੁੱਧ ਰਾਮ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੇਸ਼ ਦੀ ਅਜ਼ਾਦੀ ਅੰਦਰ ਸੁਤੰਤਰਤਾ ਸੈਨਾਨੀਆਂ ਦਾ ਅਹਿਮ ਯੋਗਦਾਨ ਹੈ, ਜਿਸਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀ ਜਾ ਸਕਦਾ। ਉਨਾਂ ਕਿਹਾ ਕਿ ਬਿਹਾਰਾ ਸਿੰਘ ਨੇਤਾ ਸੁਭਾਸ ਚੰਦਰ ਬੌਸ ਜੀ ਦੀ ਅਜ਼ਾਦ ਹਿੰਦ ਫੌਜ ਦੇ ਮੈਂਬਰ ਰਹੇ ਅਤੇ ਦੇਸ਼ ਦੀ ਅਜ਼ਾਦੀ ਸਮੇਂ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ। ਉਨਾਂ ਕਿਹਾ ਕਿ ਬਿਹਾਰਾ ਸਿੰਘ ਜੀ ਦੇ ਇਸ ਯੋਗਦਾਨ ਨੂੰ ਯਾਦ ਕਰਦਿਆਂ 94ਵੇਂ ਜਨਮ ਦਿਨ ਨੂੰ ਸਮਰਪਿਤ ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਵੱਲੋਂ ਯਾਦਗਾਰੀ ਪ੍ਰੋਗਰਾਮ ਕਰਕੇ ਉਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ।
ਏ.ਡੀ.ਸੀ. ਮਾਨਸਾ ਉਪਕਾਰ ਸਿੰਘ ਨੇ ਬਿਹਾਰਾ ਸਿੰਘ ਦੁਆਰਾ ਦੇਸ਼ ਦੀ ਅਜ਼ਾਦੀ ਦੀ ਲੜਾਈ ’ਚ ਪਾਏ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ। ਯੁਵਕ ਸੇਵਵਾਂ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਦੀ ਅਗਵਾਈ ਵਿੱਚ ਨੇਕੀ ਫਾਉਂਡੇਸ਼ਨ ਦੇ ਸਹਿਯੋਗ ਨਾਲ 75ਵੇਂ ਅਜ਼ਾਦੀ ਦੇ ਅਮਿ੍ਰਤ ਮਹਾਂਉਤਸਵ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਜਿਲੇ ਦੇ ਯੁਵਕ ਕਲੱਬਾਂ ਅਤੇ ਐਨ ਐਸ ਐਸ ਯੁਨਿਟਾਂ ਦੇ ਸਹਿਯੋਗ ਨਾਲ ਲਗਭਗ 60 ਯੁਨਿਟ ਖੂਨਦਾਨ ਹੋਇਆ।
ਉਪ ਮੰਡਲ ਮਜਿਸਟਰੇਟ ਕਾਲਾ ਰਾਮ ਕਾਂਸਲ ਨੇ ਇਸ ਸਾਰੇ ਪ੍ਰੋਗਰਾਮ ਦੇ ਸਫਲ ਅਯੋਜਨ ਲਈ ਹਾਈ ਸਕੂਲ ਦੇ ਮੁਖੀ ਮਨਦੀਪ ਸਿੰਘ ਸਰਾਂ, ਪ੍ਰਾਇਮਰੀ ਸਕੂਲ ਦੇ ਮੁਖੀ ਦਿਲਬਾਗ ਸਿੰਘ ਅਤੇ ਦੋਹਾਂ ਸਕੂਲਾਂ ਦੇ ਸਮੁੱਚੇ ਸਟਾਫ ਦੀ ਸ਼ਲਾਘਾ ਕੀਤੀ ।
ਪ੍ਰੋਗਰਾਮ ਦੇ ਅੰਤ ਵਿੱਚ ਅਜ਼ਾਦੀ ਘੁਲਾਟੀ ਬਿਹਾਰਾ ਸਿੰਘ ਦੇ ਹੱਥੋਂ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਪ੍ਰੋਗਰਾਮ ਦੇ ਅਯੋਜਨ ਵਿੱਚ ਰੋਲ ਨਿਭਾਉਣ ਵਾਲੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਸਨਮਾਨਿਤ ਕਰਵਾਇਆ ਗਿਆ। ਜਿਲਾ ਪ੍ਰਸ਼ਾਸ਼ਨ ਨੇ ਦੇਸ਼ ਦੀ ਅਜ਼ਾਦੀ ਲੜਾਈ ਵਿੱਚ ਯੋਗਦਾਨ ਬਦਲੇ ਬਿਹਾਰਾ ਸਿੰਘ ਜੀ ਦਾ ਸਨਮਾਨ ਕੀਤਾ।