
ਗੁਹਾਟੀ: ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਸਥਿਤ ਬਾਗਜਾਨ ਦੇ ਤੇਲ ਖੂਹ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗੀ। ਪਿਛਲੇ 14 ਦਿਨਾਂ ਤੋਂ ਖੂਹ ਤੋਂ ਬੇਕਾਬੂ ਗੈਸ ਲੀਕ ਹੋ ਰਹੀ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਤੇਲ ਇੰਡੀਆ ਲਿਮਟਿਡ ਦੇ ਤੇਲ ਖੂਹ ਵਿਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਾਟਾਂ ਦੋ ਕਿਲੋਮੀਟਰ ਤੋਂ ਵੀ ਦੂਰ ਤੋਂ ਵੇਖੀਆਂ ਜਾ ਸਕਦੀਆਂ ਸੀ।

ਅੱਜ ਦੁਪਹਿਰ ਜਦੋਂ ਖੂਹ ਨੂੰ ਅੱਗ ਲੱਗੀ ਹੋਈ ਸਿੰਗਾਪੁਰ ਦੀ ਫਰਮ “ਅਲਰਟ ਡਿਜ਼ਾਸਟਰ ਕੰਟਰੋਲ” ਦੇ ਤਿੰਨ ਮਾਹਰ ਉਥੇ ਮੌਜੂਦ ਸੀ ਤੇ ਕੁਝ ਉਪਕਰਣ ਉਥੋਂ ਹਟਾਏ ਜਾ ਰਹੇ ਸੀ। ਤਿੰਨੇ ਮਾਹਰ ਗੈਸ ਲੀਕ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਡਿਰਬੂ-ਸਾਈਖੋਵਾ ਨੈਸ਼ਨਲ ਪਾਰਕ ਦੇ ਨੇੜੇ ਸਥਿਤ ਖੂਹ ‘ਚ ਬਲਾਸਟ ਹੋਇਆ ਸੀ, ਜਿਸਦੇ ਬਾਅਦ ਬੇਕਾਬੂ ਗੈਸ ਲੀਕ ਹੋਣਾ ਸ਼ੁਰੂ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਕੁਦਰਤੀ ਗੈਸ ਦੇ ਲੀਕ ਹੋਣ ਅਤੇ ਪ੍ਰਭਾਵਾਂ ਦੇ ਮੱਦੇਨਜ਼ਰ ਨੇੜਲੇ ਵਸਦੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਹੈ।
