ਚੰਡੀਗੜ੍ਹ, 16 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਕੁੱਲ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਜਾਰੀ ਕੀਤੀ ਜਾਵੇਗੀ। ਇਸ ਦਾ ਪ੍ਰਗਟਾਵਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਕੀਤਾ।
ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਵਿੱਚ ਅਸ਼ੀਰਵਾਦ ਸਕੀਮ ਤਹਿਤ ਮਾਰਚ 2022 ਤੋਂ ਅਨੁਸੂਚਿਤ ਜਾਤੀਆਂ ਦੇ 21662 ਲਾਭਪਾਤਰੀ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾ ਦੇ 13385 ਲਾਭਪਾਤਰੀ, ਕੁੱਲ 35047 ਲਾਭਪਾਤਰੀਆਂ ਦੀਆਂ ਦਰਖਾਸਤਾਂ ਪੈਡਿੰਗ ਸਨ। ਜਿਨ੍ਹਾਂ ਦੀ ਕੁੱਲ 17849.37 ਲੱਖ ਰੁਪਏ ਦੇਣਦਾਰੀ ਬਣਦੀ ਸੀ। ਮੌਜੂਦਾ ਸਰਕਾਰ ਵੱਲੋ ਫਰਵਰੀ 2022 ਤੱਕ ਕੁੱਲ 35047 ਲਾਭਪਾਤਰੀਆਂ ਨੂੰ 17849.37 ਲੱਖ ਰੁਪਏ ਦਾ ਲਾਭ ਦੇ ਦਿਤਾ ਗਿਆ ਹੈ। ਮਾਰਚ 2022 ਤੋਂ ਜਨਵਰੀ 2023 ਤੱਕ ਅਨੁਸੂਚਿਤ ਜਾਤੀਆਂ ਦੇ 33983 ਲਾਭਪਾਤਰੀਆਂ ਲਈ 17331.33 ਲੱਖ ਰੁਪਏ ਅਤੇ ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜੋਰ ਵਰਗ ਦੇ 16206 ਰਹਿੰਦੇ ਲਾਭਪਾਤਰੀਆਂ 8265.06 ਲੱਖ ਰੁਪਏ ਕੁੱਲ 50189 ਲਾਭਪਾਤਰੀਆਂ ਲਈ 25596.39 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਲਦ ਹੀ ਦਿੱਤੀ ਜਾ ਰਹੀ ਹੈ।
ਮੰਤਰੀ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਸਬੰਧੀ ਲਾਭਪਾਤਰੀ ਘਰ ਬੈਠੇ ਹੀ ਵਿੱਤੀ ਲਾਭ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਦੀ 15 ਨਵੰਬਰ 2022 ਨੂੰ ਸ਼ੁਰੂਆਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਹ ਪੋਰਟਲ ਬਿਨਾਂ ਹਾਜ਼ਰ ਹੋਏ ਸੰਪਰਕ ਰਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਵੇਗਾ। ਆਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਹੋਣ ਨਾਲ ਸਿਸਟਮ ਵਿੱਚ ਪਾਰਦਰਸ਼ਤਾ ਅਤੇ ਤੇਜੀ ਨੂੰ ਯਕੀਨੀ ਬਣਾਇਆ ਜਾ ਸਕੇਗਾ। ਲਾਭਪਾਤਰੀਆਂ ਆਫਲਾਈਨ/ਆਨਲਾਈਨ ਦੋਨੋ ਢੰਗਾਂ ਨਾਲ 31 ਮਾਰਚ 2023 ਤੱਕ ਦਰਖਾਸਤਾਂ ਦੇ ਸਕਦੇ ਹਨ। ਆਨਲਾਇਨ ਦਰਖਾਸਤਾਂ ਪ੍ਰਾਪਤ ਕਰਨ ਦੀ ਮੁਕੰਮਲ ਪ੍ਰਕਿਰਿਆ ਅਪ੍ਰੈਲ 2023 ਤੋਂ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀਆਂ/ਈਸਾਈ ਬਰਾਦਰੀ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀ ਵਿਧਵਾਵਾਂ ਦੀਆਂ ਲੜਕੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਪੱਛੜੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51000/-ਰੁਪਏ ਦੀ ਵਿੱਤੀ ਸਹਾਇਤਾ ਸ਼ਗਨ ਵਜੋਂ ਦਿੱਤੀ ਜਾਂਦੀ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਇੱਕ ਪਰਿਵਾਰ ਦੀਆਂ ਦੋ ਲੜਕੀਆਂ ਜੋ ਪੰਜਾਬ ਰਾਜ ਦੇ ਵਸਨੀਕ ਹੋਣ ਅਤੇ ਉਨਾਂ ਦੀ ਸਲਾਨਾ ਆਮਦਨ 32,790/- ਰੁਪਏ ਤੋਂ ਵੱਧ ਨਹੀਂ ਹੋਈ ਚਾਹੀਦੀ, ਨੂੰ ਦਿੱਤੀ ਜਾਂਦੀ ਹੈ। ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਬਿਨੈਕਾਰ ਆਪਣੀ ਦਰਖਾਸਤ ਵਿਆਹ ਤੋ ਪਹਿਲਾ ਜਾਂ ਵਿਆਹ ਦੀ ਮਿਤੀ ਤੋਂ 30 ਦਿਨ ਬਾਅਦ ਤੱਕ ਦੇ ਸਕਦਾ ਹੈ।—————