
ਨਵੀਂ ਦਿੱਲੀ 29 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੁਰਾੜੀ ਜਾਣ ਵਾਲੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਕਿਸਾਨ ਆਪਣੀ ਜ਼ਿੱਦ ‘ਤੇ ਅੜ੍ਹੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਿੰਘੂ ਬਾਰਡਰ, ਬਹਾਦੁਰਗੜ੍ਹ ਬਾਰਡਰ, ਜੈਪੁਰ-ਦਿੱਲੀ ਹਾਈਵੇਅ, ਮਥੁਰਾ-ਆਗਰਾ ਹਾਈਵੇਅ ਤੇ ਬਰੇਲੀ-ਦਿੱਲੀ ਹਾਈਵੇਅ ਆਉਣ ਵਾਲੇ ਦਿਨਾਂ ‘ਚ ਬੰਦ ਕੀਤੇ ਜਾਣਗੇ। ਕਿਸਾਨਾਂ ਨੇ ਕਿਹਾ ਕਿ ਉਹ ਬੁਰਾੜੀ ਨਹੀਂ ਜਾਣਗੇ। ਉਹ ਗਰਾਉਂਡ ਨਹੀਂ, ਸਗੋਂ ਓਪਨ ਜੇਲ੍ਹ ਹੈ। ਕੁਝ ਕਿਸਾਨਾਂ ਨੂੰ ਧੱਕੇ ਨਾਲ ਉੱਥੇ ਤਾੜਿਆ ਗਿਆ ਹੈ। ਇਸ ਲਈ ਕਿਸਾਨਾਂ ਨੂੰ ਬੁਰਾੜੀ ਜਾਣ ਲਈ ਕਹਿਣਾ ਵੱਡਾ ਸਾਜਿਸ਼ ਹੈ।
ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਮਕਸਦ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਤੇ ਆਪਣੀਆਂ ਮੰਗਾਂ ਮਨਵਾਉਣਾ ਹੈ। ਇਸ ਲਈ ਸੰਘਰਸ਼ ਉਦੋਂ ਹੀ ਖਤਮ ਹੋਏਗਾ ਜਦੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ। ਕਿਸਾਨਾਂ ਦੀਆਂ ਕੁੱਲ 8 ਮੰਗਾਂ ਹਨ ਜਿਨ੍ਹਾਂ ‘ਚ 3 ਖੇਤੀ ਕਨੂੰਨ ਨੂੰ ਰੱਦ ਕਰਨਾ, 2 ਆਰਡੀਨੈਂਸ ਵਾਪਸ ਲੈਣਾ, ਗ੍ਰਿਫਤਾਰ ਲੋਕਾਂ ਨੂੰ ਰਿਹਾਅ ਕੀਤਾ ਜਾਵੇ, ਸੂਬਿਆਂ ਨੂੰ ਉਨ੍ਹਾਂ ਦੇ ਹੱਕ ਦਿੱਤੇ ਜਾਣ, ਤੇਲ ਦੀਆਂ ਕੀਮਤਾਂ ‘ਤੇ ਕਾਬੂ ਪਾਇਆ ਜਾਵੇ ਆਦਿ ਸ਼ਾਮਲ ਹਨ।

ਕਿਸਾਨਾਂ ਦੇ ਇਸ ਸੰਯੁਕਤ ਮੋਰਚੇ ਦਾ ਸੰਚਾਲਨ 30 ਸੰਗਠਨਾਂ ਵਲੋਂ ਕੀਤਾ ਜਾਵੇਗਾ। ਮੋਰਚੇ ਦੇ ਸੰਚਾਲਨ ਨੂੰ ਲੈ ਕੇ ਕੋਈ ਵੀ ਸੰਗਠਨ ਆਪਣੀ ਮਰਜ਼ੀ ਨਹੀਂ ਕਰੇਗਾ। ਕੋਈ ਵੀ ਫੈਸਲਾ ਸਲਾਹ ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਰੋਕਣ ਲਈ ਸਰਕਾਰ ਨੇ ਤਮਾਮ ਕੋਸ਼ਿਸ਼ਾਂ ਕੀਤੀਆਂ। ਮੁਲਾਕਾਤ ਲਈ ਭੇਜੇ ਗਏ ਸੱਦੇ ‘ਚ ਵੀ ਸ਼ਰਤ ਸੀ, ਜੋ ਕਿਸਾਨਾਂ ਦੇ ਸੰਘਰਸ਼ ਦਾ ਅਪਮਾਨ ਹੈ। ਕਿਸਾਨ 4 ਮਹੀਨਿਆਂ ਲਈ ਵੀ ਸੜਕਾਂ ‘ਤੇ ਬੈਠਣ ਨੂੰ ਤਿਆਰ ਹਨ।
