
ਵਾਸ਼ਿੰਗਟਨ ਡੀਸੀ 25,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਅਮਰੀਕਾ ’ਚ ਮੌਜੂਦ ਅਜਿਹੇ ਵਿਦੇਸ਼ੀ ਮਹਿਮਾਨ ਕਰਮਚਾਰੀ ਐਚ-1 ਬੀ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਦੀਆਂ ਅਰਜ਼ੀਆਂ ਸ਼ੁਰੂਆਤੀ ਰਜਿਸਟਰੇਸ਼ਨ ਮਿਆਦ ਉੱਤੇ ਅਧਾਰਤ ਹੋਣ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ-USCIS) ਅਨੁਸਾਰ, ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਪ੍ਰਸ਼ਾਸਨਿਕ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਅਰੰਭਲੀ ਮਿਤੀ 1 ਅਕਤੂਬਰ, 2020 ਤੋਂ ਬਾਅਦ ਸੀ, ਉਹ ਦੁਬਾਰਾ ਅਰਜ਼ੀ ਦੇ ਸਕਦੇ ਹਨ।
ਐਚ-1 ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਯੂਐਸ ਕੰਪਨੀਆਂ ਨੂੰ ਵਿਸੇਸ਼ ਕਿੱਤੇ ਵਿੱਚ ਵਿਦੇਸ਼ੀ ਕਾਮਿਆਂ ਦੀ ਨੌਕਰੀ ਕਰਨ ਦੀ ਆਗਿਆ ਦਿੰਦਾ ਹੈ; ਜਿਸ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ ‘ਤੇ ਨਿਰਭਰ ਕਰਦੀਆਂ ਹਨ।
ਯੂਐਸਸੀਆਈਐਸ ਨੇ ਬੁੱਧਵਾਰ ਨੂੰ ਕਿਹਾ, “ਜੇ ਤੁਹਾਡੀ ਵਿੱਤੀ ਸਾਲ 2021 ਪਟੀਸ਼ਨ ਨੂੰ ਇਸ ਲਈ ਰੱਦ ਕਰ ਦਿੱਤਾ ਗਿਆ ਹੈ ਜਾਂ ਪ੍ਰਸ਼ਾਸਨਿਕ ਤੌਰ ‘ਤੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਤੁਹਾ
ਡੀ ਪਟੀਸ਼ਨ ਸ਼ੁਰੂਆਤੀ ਰਜਿਸਟ੍ਰੇਸ਼ਨ ਮਿਆਦ ਦੌਰਾਨ ਦਰਜ ਕੀਤੀ ਗਈ ਰਜਿਸਟ੍ਰੇਸ਼ਨ’ ਤੇ ਅਧਾਰਤ ਸੀ, ਪਰ ਤੁਸੀਂ ਇੱਕ ਅਕਤੂਬਰ, 2020 ਤੋਂ ਬਾਅਦ ਕਿਸੇ ਮੁਢਲੀ ਮਿਤੀ ਦੀ ਬੇਨਤੀ ਕੀਤੀ ਸੀ, ਤਾਂ ਤੁਸੀਂ ਪਹਿਲਾਂ ਤੋਂ ਦਾਇਰ ਪਟੀਸ਼ਨ ਨੂੰ ਮੁੜ ਜਮ੍ਹਾ ਕਰ ਸਕਦੇ ਹੋ।” ਯੂਐਸਸੀਆਈਐਸ ਨੇ ਕਿਹਾ ਕਿ ਇਹ ਪਟੀਸ਼ਨਾਂ 1 ਅਕਤੂਬਰ 2021 ਤੋਂ ਪਹਿਲਾਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ।
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਇਸ ਫ਼ੈਸਲੇ ਦਾ ਵੀ ਲਾਭ ਪ੍ਰਵਾਸੀਆਂ ਨੂੰ ਮਿਲ ਸਕਦਾ ਹੈ। ਅਜਿਹੇ ਬਹੁਤ ਸਾਰੇ ਭਾਰਤੀ, ਖ਼ਾਸ ਕਰ ਕੇ ਪੰਜਾਬੀ ਹਨ, ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਰੱਦ ਹੋ ਚੁੱਕੀਆਂ ਹਨ ਤੇ ਹੁਣ ਉਨ੍ਹਾਂ ਨੂੰ ਆਪਣੀ ਅਰਜ਼ੀ ਉੱਤੇ ਵਿਚਾਰ ਦਾ ਇੱਕ ਮੌਕਾ ਹੋਰ ਮਿਲ ਜਾਵੇਗਾ।
