*ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ*

0
56

ਚੰਡੀਗੜ੍ਹ 30,ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੰਨਿਆ ਹੈ ਕਿ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਨੇ ਨਵੇਂ ਸੁਰੱਖਿਆ ਸਵਾਲ ਖੜ੍ਹੇ ਕਰ ਛੱਡੇ ਹਨ। ਉਨ੍ਹਾਂ ਕਿਹਾ ਕਿ ਭਾਰਤ ਹਾਲਾਤ ਉੱਪਰ ਨਜ਼ਰ ਰੱਖ ਰਿਹਾ ਹੈ ਤੇ ਲੋੜ ਮੁਤਾਬਕ ਹਰ ਢੁੱਕਵਾਂ ਕਦਮ ਚੁੱਕੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਤੇ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਸਮਰੱਥ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿਰੋਧੀ ਤਾਕਤ ਨੂੰ ਅਫ਼ਗ਼ਾਨਿਸਤਾਨ ਨੂੰ ਦਰਪੇਸ਼ ਮੌਜੂਦਾ ਸੰਕਟ ਦਾ ਲਾਹਾ ਲੈਂਦਿਆਂ ਸਰਹੱਦ ਪਾਰੋਂ ਅਤਿਵਾਦ ਨੂੰ ਹੱਲਾਸ਼ੇਰੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੱਖਿਆ ਮੰਤਰੀ ਇੱਥੇ ਤੀਜੇ ਬਲਰਾਮਜੀ ਦਾਸ ਟੰਡਨ ਯਾਦਗਾਰੀ ਲੈਕਚਰ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ। ਕੌਮੀ ਸੁਰੱਖਿਆ ਦੇ ਮੁੱਦੇ ’ਤੇ ਇਹ ਲੈਕਚਰ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਸੀ।

ਇਸ ਤੋਂ ਪਹਿਲਾਂ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ’ਚ ਸੱਤਾ ਤਬਦੀਲੀ ਕਾਰਨ ਬਦਲੇ ਹਾਲਾਤ ਭਾਰਤ ਲਈ ਵੱਡੀ ਚੁਣੌਤੀ ਹਨ ਤੇ ਅਜਿਹੇ ਹਾਲਾਤ ’ਚ ਮੁਲਕ ਨੂੰ ਰਣਨੀਤੀ ’ਤੇ ਮੁੜ ਵਿਚਾਰ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੁਆਡ ਦੇ ਗਠਨ ਨਾਲ ਇਸ ਰਣਨੀਤੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਕੁਆਡ ’ਚ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਸ਼ਾਮਲ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਸੰਗਠਤ ਜੰਗੀ ਗੁੱਟ (ਆਈਬੀਜੀ) ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਜੰਗ ਦੇ ਸਮੇਂ ਦੌਰਾਨ ਫ਼ੌਰੀ ਫ਼ੈਸਲੇ ਲਏ ਜਾ ਸਕਣ। ਸਰਕਾਰ ਵੱਲੋਂ ‘ਟੂਰ ਆਫ਼ ਡਿਊਟੀ ਵਰਗੇ ਸੁਧਾਰ ਵੀ ਵਿਚਾਰੇ ਜਾ ਰਹੇ ਹਨ ਜਿਸ ਨਾਲ ਫ਼ੌਜ ’ਚ ਔਸਤ ਉਮਰ ਘਟਾਉਣ ’ਚ ਸਹਾਇਤਾ ਮਿਲੇਗੀ।

ਪਾਕਿਸਤਾਨ ਦਾ ਨਾਂ ਲਏ ਬਿਨਾਂ ਰੱਖਿਆ ਮੰਤਰੀ ਨੇ ਕਿਹਾ,‘‘ਦੋ ਜੰਗਾਂ ਹਾਰਨ ਮਗਰੋਂ ਸਾਡੇ ਇਕ ਗੁਆਂਢੀ ਮੁਲਕ ਨੇ ਅਸਿੱਧੀ ਜੰਗ ਛੇੜੀ ਹੋਈ ਹੈ ਤੇ ਦਹਿਸ਼ਤਗਰਦੀ ਫੈਲਾਉਣਾ ਉਸ ਦੀ ਰਾਜਕੀ ਨੀਤੀ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ। ਜੇਕਰ ਗੋਲੀਬੰਦੀ ਅੱਜ ਸਫ਼ਲ ਹੈ ਤਾਂ ਇਹ ਸਾਡੀ ਤਾਕਤ ਕਾਰਨ ਹੈ। 2016 ’ਚ ਸਰਹੱਦ ਪਾਰੋਂ ਹੋਏ ਹਮਲਿਆਂ ਮਗਰੋਂ ਸਾਡੀ ਮਾਨਸਕਿਤਾ ਹਮਲਾ ਕਰਨ ਵਾਲੀ ਹੋ ਗਈ ਹੈ। ਬਾਲਾਕੋਟ ਹਵਾਈ ਹਮਲੇ ਨਾਲ ਸਾਨੂੰ ਹੋਰ ਮਜ਼ਬੂਤੀ ਮਿਲੀ।’’

ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਰੱਖਿਆ ਮੰਤਰੀ ਨੇ ਫ਼ੌਜ ਵੱਲੋਂ ਅਕਲਮੰਦੀ ਨਾਲ ਕਦਮ ਉਠਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫ਼ੌਜ ਨੇ ਇਕ ਵਾਰ ਮੁੜ ਸਾਬਿਤ ਕੀਤਾ ਕਿ ਮੁਲਕ ਕਿਸੇ ਵੀ ਸਥਾਨ ’ਤੇ, ਕਿਸੇ ਵੀ ਸਮੇਂ ਤੇ ਕਿਸੇ ਵੀ ਹਾਲਾਤ ’ਚ ਕਿਸੇ ਵੀ ਦੁਸ਼ਮਣ ਦਾ ਟਾਕਰਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਰਹੱਦ ਦੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਫ਼ੌਜ ਨੇ ਆਪਣੇ ਜ਼ੋਰ ਨਾਲ ਪਛਾੜ ਦਿੱਤਾ।

ਉਨ੍ਹਾਂ ਕਿਹਾ ਕਿ ਮੁਲਕ ਦੀ ਆਜ਼ਾਦੀ ਤੋਂ ਬਾਅਦ ਹੀ ਭਾਰਤ ਵਿਰੋਧੀ ਤਾਕਤਾਂ ਘਰੇਲੂ ਪੱਧਰ ’ਤੇ ਅਸਥਿਰਤਾ ਦਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਹੋ ਰਹੇ ਬਦਲਾਵਾਂ ਤੋਂ ਕੋਈ ਵੀ ਮੁਲਕ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਦਾ ਇਤਿਹਾਸ ਘੋਖੀਏ ਤਾਂ ਭਾਰਤ ਨੂੰ ਚੁਣੌਤੀਆਂ ਵਿਰਸੇ ’ਚ ਮਿਲੀਆਂ ਹਨ।r

LEAVE A REPLY

Please enter your comment!
Please enter your name here